ਅੱਜ ਤੋਂ ਦੁਬਾਰਾ ਸ਼ੁਰੂ ਹੋ ਰਿਹਾ IPL
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਤਣਾਅ ਅਤੇ ਸੈਨਿਕ ਟਕਰਾਅ ਕਾਰਨ 10 ਦਿਨ ਲਈ ਮੁਲਤਵੀ ਹੋਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਅੱਜ ਤੋਂ ਮੁੜ ਸ਼ੁਰੂ ਹੋ ਰਹੀ ਹੈ। ਇਹ ਰੀਸਟਾਰਟ ਰਾਇਲ ਚੈਲੈਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਵਿਚਾਲੇ ਮੈਚ ਨਾਲ ਹੋਵੇਗਾ, ਜੋ ਕਿ ਬੰਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਸਭ ਦੀਆਂ ਨਜ਼ਰਾਂ ਵਿਰਾਟ ਕੋਹਲੀ ਉੱਤੇ ਹੋਣਗੀਆਂ, ਜਿਸ ਨੇ ਹਾਲ ਹੀ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਹੈ। ਪ੍ਰਸ਼ੰਸਕ ਇਸ ਮੌਕੇ ‘ਤੇ ਕੋਹਲੀ ਨੂੰ ਸਨਮਾਨਿਤ ਕਰਨ ਲਈ ਸਫੈਦ ਜਰਸੀ ਪਾ ਕੇ ਆਉਣਗੇ। ਕੋਹਲੀ ਵੀ ਇਸ ਮੈਚ ਨੂੰ ਯਾਦਗਾਰ ਬਣਾਉਣ ਲਈ ਉਤਸੁਕ ਹੋਵੇਗਾ।
ਪਲੇਆਫ਼ ਦੀ ਦੌੜ ‘ਚ ਰੋਮਾਂਚਕ ਮੋੜ
ਆਰ.ਸੀ.ਬੀ. 11 ਮੈਚਾਂ ਵਿੱਚ 16 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਇੱਕ ਹੋਰ ਜਿੱਤ ਨਾਲ ਇਹ ਟੀਮ ਪਲੇਆਫ਼ ਦੀ ਜਗ੍ਹਾ ਲਗਭਗ ਪੱਕੀ ਕਰ ਲਵੇਗੀ। ਦੂਜੇ ਪਾਸੇ, ਕੇ.ਕੇ.ਆਰ. 12 ਮੈਚਾਂ ਵਿੱਚ 11 ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ ਅਤੇ ਇੱਕ ਹੋਰ ਹਾਰ ਇਸ ਦੀਆਂ ਉਮੀਦਾਂ ਨੂੰ ਝਟਕਾ ਦੇ ਸਕਦੀ ਹੈ।
ਆਰ.ਸੀ.ਬੀ. ਆਪਣੇ ਪਿਛਲੇ ਚਾਰੇ ਮੈਚ ਜਿੱਤ ਚੁੱਕੀ ਹੈ, ਜਦਕਿ ਕੇ.ਕੇ.ਆਰ. ਲਗਾਤਾਰ ਦੋ ਜਿੱਤਾਂ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਮੈਚ ਦੋਵੇਂ ਟੀਮਾਂ ਲਈ ਆਪਣੀ ਲੈਅ ਕਾਇਮ ਰੱਖਣ ਦਾ ਮੌਕਾ ਹੋਵੇਗਾ।
ਵਿਦੇਸ਼ੀ ਖਿਡਾਰੀਆਂ ਦੀ ਵਾਪਸੀ ਨਾਲ ਟੀਮਾਂ ਹੋਈਆਂ ਮਜ਼ਬੂਤ
ਭਾਰਤ-ਪਾਕਿਸਤਾਨ ਟਕਰਾਅ ਦੌਰਾਨ ਕਈ ਵਿਦੇਸ਼ੀ ਖਿਡਾਰੀ ਵਾਪਸ ਚਲੇ ਗਏ ਸਨ, ਪਰ ਹੁਣ ਲਿਆਂਮ ਲਿਵਿੰਗਸਟੋਨ, ਟਿਮ ਡੇਵਿਡ, ਲੂੰਗੀ ਇੰਗਿਡੀ, ਫਿਲ ਸਾਲਟ ਅਤੇ ਰੋਮਾਰੀਓ ਸ਼ੈਫਰਡ ਵਾਪਸ ਆਪਣੀਆਂ ਟੀਮਾਂ ਨਾਲ ਜੁੜ ਗਏ ਹਨ, ਜਿਸ ਨਾਲ ਦੋਵੇਂ ਟੀਮਾਂ ਦੀ ਮਜ਼ਬੂਤੀ ਵਧੀ ਹੈ।
ਗੈਰਹਾਜ਼ਰ ਖਿਡਾਰੀ ਬਣੇ ਚੁਣੌਤੀ
ਆਰ.ਸੀ.ਬੀ. ਲਈ ਦੇਵਦੱਤ ਪੱਡੀਕਲ ਅਤੇ ਜੋਸ਼ ਹੇਜ਼ਲਵੁੱਡ ਦੀ ਗੈਰਹਾਜ਼ਰੀ ਚੁਣੌਤੀ ਹੋ ਸਕਦੀ ਹੈ। ਮਯੰਕ ਅਗਰਵਾਲ ਤੋਂ ਉਮੀਦ ਹੈ ਕਿ ਉਹ ਪੱਡੀਕਲ ਦੀ ਥਾਂ ਭਰ ਸਕੇਗਾ। ਹੇਜ਼ਲਵੁੱਡ ਦੇ ਮੋਢੇ ਵਿੱਚ ਸੱਟ ਹੋਣ ਕਾਰਨ ਉਸ ਦੀ ਉਪਲਬਧਤਾ ਅਣਸ਼ਚਿਤ ਹੈ।
ਕੇ.ਕੇ.ਆਰ. ਲਈ “ਕਰੋ ਜਾਂ ਮਰੋ” ਵਾਲਾ ਮੋੜ
ਕੇ.ਕੇ.ਆਰ. ਦੀ ਬੱਲੇਬਾਜ਼ੀ ਇਸ ਸੀਜ਼ਨ ਵਿੱਚ ਨਿਰਾਸ਼ਾਜਨਕ ਰਹੀ ਹੈ। ਕਪਤਾਨ ਅਜਿੰਕਯ ਰਹਾਣੇ ਅਤੇ ਅੰਗਕ੍ਰਿਸ਼ ਰਘੂਵੰਸ਼ੀ ਤੋਂ ਇਲਾਵਾ ਕਿਸੇ ਨੇ ਵੀ ਲਗਾਤਾਰ ਪ੍ਰਦਰਸ਼ਨ ਨਹੀਂ ਕੀਤਾ। ਟੀਮ ਲਈ ਹੁਣ ਹਰੇਕ ਮੈਚ ਨਾਕ-ਆਊਟ ਵਰਗਾ ਹੈ। ਵੈਂਕਟੇਸ਼ ਅਈਅਰ, ਆਂਦ੍ਰੇ ਰਸੇਲ ਅਤੇ ਰਿੰਕੂ ਸਿੰਘ ਤੋਂ ਵੱਡੀ ਉਮੀਦ ਹੋਵੇਗੀ।
ਮੋਇਨ ਅਲੀ ਦੀ ਗੈਰਹਾਜ਼ਰੀ ਵੀ ਚਿੰਤਾ ਦਾ ਵਿਸ਼ਾ ਹੈ, ਜੋ ਵਾਇਰਲ ਬੁਖਾਰ ਕਰਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।
ਗੇਂਦਬਾਜ਼ੀ ‘ਚ ਭਰੋਸਾ ਤੇ ਚੁਣੌਤੀਆਂ
ਵਰੁਣ ਚੱਕਰਵਰਤੀ, ਸੁਨੀਲ ਨਾਰਾਇਣ, ਵੈਭਵ ਅਰੋੜਾ ਅਤੇ ਹਰਸ਼ਿਤ ਰਾਣਾ ਨੇ ਕਈ ਮੌਕਿਆਂ ‘ਤੇ ਟੀਮ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ, ਹਾਲਾਂਕਿ ਕਈ ਵਾਰੀ ਉਹ ਮਹਿੰਗੇ ਵੀ ਸਾਬਤ ਹੋਏ ਹਨ।