ਜਲੰਧਰ ਨਗਰ ਨਿਗਮ ਦੇ ATP ਦੀ ਗ੍ਰਿਫ਼ਤਾਰੀ ‘ਤੇ ਸਖ਼ਤ ਹੋਏ CM ਮਾਨ, ਕਿਹਾ– ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ
ਜਲੰਧਰ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਸਹਾਇਕ ਨਗਰ ਯੋਜਨਾਕਾਰ (ATP) ਸੁਖਦੇਵ ਵਸ਼ਿਸ਼ਟ ਦੀ ਵਿਜੀਲੈਂਸ ਬਿਊਰੋ ਵੱਲੋਂ 30 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰੀ ਤੋਂ ਬਾਅਦ ਮਾਨ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਪਦ ‘ਤੇ ਹੋਵੇ।
ਮੁੱਖ ਮੰਤਰੀ ਕੋਲ ਲਗਾਤਾਰ ਇਹ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਕਿ ਬਿਲਡਿੰਗ ਬ੍ਰਾਂਚ ਵਿੱਚ ਨਕਸ਼ੇ ਪਾਸ ਕਰਵਾਉਣ ਲਈ ਰਿਸ਼ਵਤ ਮੰਗੀ ਜਾਂਦੀ ਹੈ ਅਤੇ ਕਈ ਕਾਲੋਨਾਈਜ਼ਰਾਂ ਨੂੰ ਇੱਕ ‘ਆਪ’ ਆਗੂ ਦੇ ਦਬਾਅ ‘ਚ ਰਾਹਤ ਦਿੱਤੀ ਜਾ ਰਹੀ ਸੀ। ਇਸ ਦੇ ਮੱਦੇਨਜ਼ਰ, ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਨਿਰਦੇਸ਼ ਦਿੱਤੇ ਕਿ ਜਲੰਧਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ‘ਤੇ ਨਜ਼ਰ ਰੱਖੀ ਜਾਵੇ।
ਵਿਜੀਲੈਂਸ ਨੇ ATP ਸੁਖਦੇਵ ਵਸ਼ਿਸ਼ਟ ਨੂੰ ਰੰਗੇ ਹੱਥੀਂ ਫੜ ਕੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਵੇਲੇ ਉਸ ਤੋਂ ਪੁੱਛਗਿੱਛ ਜਾਰੀ ਹੈ। ਇਸ ਕਾਰਵਾਈ ਤੋਂ ਬਾਅਦ ਨਗਰ ਨਿਗਮ ‘ਚ ਹੜਕੰਪ ਮਚ ਗਿਆ ਹੈ। ਹੁਣ ਸਾਰੇ ਅਧਿਕਾਰੀ ਅਤੇ ਨੇਤਾ ਇਹ ਜਾਣਨ ਲਈ ਉਤਸੁਕ ਹਨ ਕਿ ਸੁਖਦੇਵ ਵਸ਼ਿਸ਼ਟ ਆਪਣੀ ਪੁੱਛਗਿੱਛ ਦੌਰਾਨ ਕਿਹੜੇ ਨਾਂ ਵਿਖੇਦੇ ਹਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕਿਸੇ ਵੀ ਸੱਤਾਧਾਰੀ ਪਾਰਟੀ ਦੇ ਆਗੂ ਦਾ ਨਾਂ ਸਾਹਮਣੇ ਆਉਂਦਾ ਹੈ ਤਾਂ ਉਸ ਵਿਰੁੱਧ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਵਿਜੀਲੈਂਸ ਬਿਊਰੋ ਨੂੰ ਆਦੇਸ਼ ਦਿੱਤਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਹੋਵੇ, ਉਸਨੂੰ ਕਾਨੂੰਨੀ ਢੰਗ ਨਾਲ ਸਜ਼ਾ ਦਿੱਤੀ ਜਾਵੇ।
ਇਸ ਮਾਮਲੇ ਨੇ ਸਿਰਫ਼ ਜਲੰਧਰ ਹੀ ਨਹੀਂ, ਸੂਬੇ ਭਰ ਦੇ ਨਿਗਮਾਂ ਤੇ ਕੌਂਸਲਾਂ ਵਿਚ ਵੀ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਾਂਚ ਕਿਹੜੇ ਨਵੇਂ ਖੁਲਾਸੇ ਕਰਦੀ ਹੈ।