24 ਸਾਲ ਦੀ ਉਡੀਕ ਲਿਆਈ ਕਾਮਯਾਬੀ, ਭਾਰਤੀ ਨੇ ਦੁਬਈ ‘ਚ ਜਿੱਤੀ ਕਰੋੜਾਂ ਦੀ ਲਾਟਰੀ
ਕਿਹਾ ਜਾਂਦਾ ਹੈ ਕਿ ਜੇ ਕੋਸ਼ਿਸ਼ ਜਾਰੀ ਰੱਖੀ ਜਾਵੇ ਤਾਂ ਰੱਬ ਇੱਕ ਨਾ ਇੱਕ ਦਿਨ ਵੱਡਾ ਇਨਾਮ ਜ਼ਰੂਰ ਦਿੰਦਾ ਹੈ। ਦੁਬਈ ਵਿੱਚ ਰਹਿ ਰਹੇ 69 ਸਾਲਾ ਭਾਰਤੀ ਨਿਵਾਸੀ ਮਦਾਥਿਲ ਮੋਹਨਦਾਸ ਦੀ ਕਿਸ਼ਮਤ ਨੇ ਅਚਾਨਕ ਹੀ ਪਲਟਾ ਮਾਰਿਆ, ਜਦੋਂ ਉਨ੍ਹਾਂ ਨੇ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੇਨੀਅਰ ਲਾਟਰੀ ਵਿੱਚ 10 ਲੱਖ ਅਮਰੀਕੀ ਡਾਲਰ (ਭਾਰਤੀ ਕਰੰਸੀ ਅਨੁਸਾਰ ਲਗਭਗ ₹8.53 ਕਰੋੜ) ਦਾ ਇਨਾਮ ਜਿੱਤ ਲਿਆ।
ਮੋਹਨਦਾਸ, ਜੋ ਕਿ ਅਲ ਜਾਬਰ ਗੈਲਰੀ ਵਿੱਚ ਮੈਨੇਜਰ ਵਜੋਂ ਕੰਮ ਕਰਦੇ ਹਨ, ਨੇ 28 ਅਪ੍ਰੈਲ ਨੂੰ ਦੁਬਈ ਏਅਰਪੋਰਟ ਦੇ ਟਰਮੀਨਲ 3 ਅਰਾਈਵਲਜ਼ ਤੋਂ ਟਿਕਟ ਖਰੀਦੀ ਸੀ। ਇਹ ਇਨਾਮ ਜਿੱਤਣ ਦੇ ਨਤੀਜੇ 14 ਮਈ ਨੂੰ ਘੋਸ਼ਿਤ ਕੀਤੇ ਗਏ।
24 ਸਾਲਾਂ ਦੀ ਲਗਾਤਾਰ ਕੋਸ਼ਿਸ਼ ਦੇ ਬਾਅਦ ਮਿਲੀ ਕਾਮਯਾਬੀ
ਮੋਹਨਦਾਸ ਨੇ ਦੱਸਿਆ ਕਿ ਉਹ ਪਿਛਲੇ 24 ਸਾਲਾਂ ਤੋਂ ਲਗਾਤਾਰ ਇਹ ਲਾਟਰੀ ਟਿਕਟਾਂ ਖਰੀਦ ਰਹੇ ਸਨ। ਉਨ੍ਹਾਂ ਨੇ ਆਪਣੀ ਜਿੱਤ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ, “ਦੁਬਈ ਡਿਊਟੀ ਫ੍ਰੀ, ਤੁਹਾਡਾ ਬੇਹੱਦ ਧੰਨਵਾਦ। ਇਹ ਮੇਰੇ ਲਈ ਇੱਕ ਸੁਪਨੇ ਦੀ ਤਰ੍ਹਾਂ ਹੈ।” ਉਹ ਇਸ ਲਾਟਰੀ ਇਨਾਮ ਨੂੰ ਜਿੱਤਣ ਵਾਲੇ 250ਵੇਂ ਭਾਰਤੀ ਨਾਗਰਿਕ ਬਣੇ ਹਨ।
18 ਸਾਲਾ ਭਾਰਤੀ ਕੁੜੀ ਨੇ ਵੀ ਜਿੱਤੀ BMW ਬਾਈਕ
ਉਸੇ ਦਿਨ, ਲਾਟਰੀ ਵਿੱਚ ਇੱਕ ਹੋਰ ਭਾਰਤੀ ਵੀ ਵੱਡੀ ਜਿੱਤ ਹਾਸਿਲ ਕਰਨ ਵਿੱਚ ਕਾਮਯਾਬ ਰਹੀ। ਸ਼ਾਰਜਾਹ ਵਿੱਚ ਰਹਿਣ ਵਾਲੀ 18 ਸਾਲਾ ਤਸਨੀਮ ਅਸਲਮ ਸ਼ੇਖ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ BMW F 900 R ਮੋਟਰਸਾਈਕਲ ਜਿੱਤੀ। ਤਸਨੀਮ ਨੇ 22 ਅਪ੍ਰੈਲ ਨੂੰ ਆਪਣੇ ਲਈ ਪਹਿਲੀ ਵਾਰ ਲਾਟਰੀ ਟਿਕਟ ਖਰੀਦੀ ਸੀ, ਜਦਕਿ ਪਹਿਲਾਂ ਉਸਦੇ ਮਾਤਾ-ਪਿਤਾ ਉਸਦੇ ਨਾਂ ‘ਤੇ ਟਿਕਟਾਂ ਲੈਂਦੇ ਰਹੇ ਸਨ।
ਉਸਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ, “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਜਿੱਤ ਜਾਵਾਂਗੀ। ਇਹ ਮੇਰੇ ਲਈ ਇੱਕ ਅਦਭੁਤ ਅਨੁਭਵ ਹੈ।”