ਜਦੋਂ ਆਦਮਪੁਰ ਤੋਂ ਦਿੱਲੀ ਸਿਰਫ਼ 2 ਯਾਤਰੀਆਂ ਨਾਲ ਉੱਡੀ ਫਲਾਈਟ
ਭਾਰਤ-ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਬੰਦ ਰਹੀਆਂ ਹਵਾਈ ਸੇਵਾਵਾਂ ਮੁੜ ਸ਼ੁਰੂ ਹੋਣ ’ਤੇ ਮੰਗਲਵਾਰ ਆਦਮਪੁਰ ਤੋਂ ਦਿੱਲੀ ਜਾਣ ਵਾਲੀ ਸਟਾਰ ਏਅਰ ਦੀ ਉਡਾਣ ਸਿਰਫ਼ 2 ਯਾਤਰੀਆਂ ਨੂੰ ਲੈ ਕੇ ਉੱਡੀ।
ਜਲੰਧਰ ਨਿਵਾਸੀ ਭਾਰਤ ਭੂਸ਼ਣ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਅਰੋੜਾ, ਜੋ ਇਸ ਫਲਾਈਟ ਦੇ ਇਕਲੌਤੇ ਯਾਤਰੀ ਸਨ, ਨੇ ਦੱਸਿਆ ਕਿ ਜਦੋਂ ਉਹ ਏਅਰਪੋਰਟ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਵੇਖ ਕੇ ਏਅਰਲਾਈਨ ਦੇ ਅਧਿਕਾਰੀਆਂ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਖਾਸ ਸਵਾਗਤ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੇ ਜੰਗਜੀ ਹਾਲਾਤਾਂ ਕਾਰਨ ਆਦਮਪੁਰ, ਅੰਮ੍ਰਿਤਸਰ ਸਮੇਤ ਕਈ ਏਅਰਪੋਰਟ ਬੰਦ ਰਹੇ। ਮਾਹੌਲ ਕੁਝ ਹੱਦ ਤੱਕ ਸ਼ਾਂਤ ਹੋਣ ਤੋਂ ਬਾਅਦ ਇਹ ਪਹਿਲੀ ਉਡਾਣ ਸੀ ਜੋ ਆਦਮਪੁਰ ਤੋਂ ਦਿੱਲੀ ਵੱਲ ਗਈ।
ਫਲਾਈਟ ਵਿਚ ਸਫ਼ਰ ਕਰ ਰਹੇ ਦੰਪਤੀ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਦੇਸ਼ ਵਿਚ ਹਮੇਸ਼ਾ ਅਮਨ-ਚੈਨ ਬਣਿਆ ਰਹੇ ਅਤੇ ਹਵਾਈ ਸੇਵਾਵਾਂ ਨਿਯਮਤ ਤੌਰ ’ਤੇ ਚੱਲਦੀਆਂ ਰਹਿਣ।