ਜਲੰਧਰ ‘ਚ ਸਵੇਰੇ ਦੇ ਵੱਡੇ ਧਮਾਕੇ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ, ਏਅਰ ਸਾਇਰਨ ਵੱਜੇ, ਹਾਈ ਅਲਰਟ ਜਾਰੀ
ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਅੱਜ ਸਵੇਰੇ ਜਲੰਧਰ ਸ਼ਹਿਰ ‘ਚ ਵੱਡੀ ਹਲਚਲ ਹੋਈ। ਸਵੇਰੇ ਲਗਭਗ 8.30 ਵਜੇ ਬਸਤੀ ਦਾਨਸ਼ਿਮੰਦਾ ਇਲਾਕੇ ‘ਚ ਦੋ ਧਮਾਕਿਆਂ ਦੀ ਖਬਰ ਮਿਲੀ ਹੈ। ਗਵਾਹਾਂ ਮੁਤਾਬਕ ਧਮਾਕਿਆਂ ਤੋਂ ਬਾਅਦ ਇਲਾਕੇ ‘ਚ ਧੂੰਆ ਉੱਠਦਾ ਹੋਇਆ ਵੀ ਦੇਖਿਆ ਗਿਆ।
ਇਸਦੇ ਨਾਲ ਹੀ ਕੰਪਨੀ ਬਾਗ ਨੇੜੇ ਵੀ ਲਗਾਤਾਰ ਦੋ ਵੱਖ-ਵੱਖ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਸਵੇਰੇ 8.15 ਵਜੇ ਦੇ ਕਰੀਬ ਏਅਰ ਸਾਇਰਨ ਵੱਜਣ ਦੀ ਵੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਲੋਕਾਂ ‘ਚ ਚਿੰਤਾ ਦਾ ਮਾਹੌਲ ਬਣ ਗਿਆ।
ਪੰਜਾਬ ਪੁਲਸ ਵੱਲੋਂ ਐਡਵਾਇਜ਼ਰੀ ਜਾਰੀ,
ਪੰਜਾਬ ਪੁਲਸ ਵੱਲੋਂ ਜਾਰੀ ਐਡਵਾਇਜ਼ਰੀ ਅਨੁਸਾਰ, ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜਦੋਂ ਵੀ ਏਅਰ ਸਾਇਰਨ ਵੱਜੇ, ਲੋਕ ਤੁਰੰਤ ਆਪਣੇ ਘਰਾਂ ਅੰਦਰ ਰਹਿਣ। ਛੱਤਾਂ ਅਤੇ ਬਾਲਕਨੀਆਂ ਵਿਚ ਖੜ੍ਹਣ ਤੋਂ ਗੁਰੇਜ਼ ਕਰਨ।
ਜੇਕਰ ਕੋਈ ਵਾਹਨ ਚਲਾ ਰਿਹਾ ਹੋਵੇ, ਤਾਂ ਤੁਰੰਤ ਲਾਈਟਾਂ ਬੰਦ ਕਰਕੇ ਗੱਡੀ ਸੁਰੱਖਿਅਤ ਢੰਗ ਨਾਲ ਸਾਈਡ ‘ਤੇ ਪਾਰਕ ਕਰੇ ਅਤੇ ਨੇੜਲੀ ਇਮਾਰਤ ਜਾਂ ਅੰਡਰਪਾਸ ਵਿਚ ਪਨਾਹ ਲਏ। ਐਮਰਜੈਂਸੀ ਦੀ ਸਥਿਤੀ ਵਿਚ ਲੋਕ ਤੁਰੰਤ 112 ‘ਤੇ ਸੰਪਰਕ ਕਰ ਸਕਦੇ ਹਨ।
ਸਥਿਤੀ ‘ਤੇ ਨਜ਼ਰ, ਸੁਰੱਖਿਆ ਏਜੰਸੀਆਂ ਅਲਰਟ ‘ਤੇ,
ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸ਼ੱਕੀ ਗਤੀਵਿਧੀਆਂ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤੀ ਅਤੇ ਸਾਵਧਾਨੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਤਾਂ ਨੂੰ ਦੇਖਦਿਆਂ, ਅਗਲੇ ਹੁਕਮ ਜਾਂ ਅਪਡੇਟ ਲਈ ਅਧਿਕਾਰਿਕ ਸੋਤਰਾਂ ‘ਤੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।