ਪਾਕਿਸਤਾਨੀ ਸਟਾਕ ਮਾਰਕੀਟ ‘ਚ ਭਾਰੀ ਹਾਹਾਕਾਰ, ਨਿਵੇਸ਼ਕਾਂ ਨੂੰ 820 ਅਰਬ ਰੁਪਏ ਦਾ ਵੱਡਾ ਝਟਕਾ
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਜੰਗੀ ਤਣਾਅ ਨੇ ਪਾਕਿਸਤਾਨ ਦੀ ਆਰਥਿਕਤਾ ਨੂੰ ਝਟਕੇ ਦੇਣ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨ ਸਟਾਕ ਐਕਸਚੇਂਜ (PSX) ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਨਿਵੇਸ਼ਕਾਂ ਨੂੰ 820 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ।
PSX ‘ਚ 7.2% ਦੀ ਗਿਰਾਵਟ, ਵਪਾਰ ਰੁਕਿਆ
ਪਾਕਿਸਤਾਨੀ ਅਖ਼ਬਾਰ ‘ਡਾਨ’ ਮੁਤਾਬਕ, 8 ਮਈ ਨੂੰ ਕਰਾਚੀ ਸਟਾਕ ਐਕਸਚੇਂਜ ‘ਚ 7.2% ਦੀ ਗਿਰਾਵਟ ਆਉਣ ਕਾਰਨ ਵਪਾਰ ਅਸਥਾਈ ਤੌਰ ‘ਤੇ ਰੋਕਣਾ ਪਿਆ। ਸਿਰਫ਼ ਤਿੰਨ ਵਪਾਰਕ ਦਿਨਾਂ ਦੌਰਾਨ ਮਾਰਕੀਟ ਕੈਪਿਟਲਾਈਜ਼ੇਸ਼ਨ ‘ਚ 1.3 ਟ੍ਰਿਲੀਅਨ ਪਾਕਿਸਤਾਨੀ ਰੁਪਏ ਦੀ ਕਮੀ ਆਈ ਹੈ। ਇਹ ਸਥਿਤੀ ਨਿਵੇਸ਼ਕਾਂ ਵਿੱਚ ਡਰ ਅਤੇ ਅਨਿਸ਼ਚਿਤਤਾ ਨੂੰ ਵਧਾ ਰਹੀ ਹੈ।
ਮਿਜ਼ਾਈਲ ਹਮਲਿਆਂ ਦੀ ਚਰਚਾ ਨੇ ਨਿਵੇਸ਼ਕਾਂ ਨੂੰ ਕੀਤਾ ਚੌਕੰਨਾ
ਇਹ ਆਰਥਿਕ ਹਾਲਾਤ ਭਾਰਤ ਵੱਲੋਂ ਪਾਕਿਸਤਾਨ ਵਿੱਚ ਨੌਂ ਅੱਤਵਾਦੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲਿਆਂ ਦੀਆਂ ਰਿਪੋਰਟਾਂ ਤੋਂ ਬਾਅਦ ਪੈਦਾ ਹੋਈ ਹੈ। ਇਸ ਕਾਰਨ ਨਿਵੇਸ਼ਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਮਾਰਕੀਟ ‘ਚੋਂ ਪੂੰਜੀ ਦੀ ਨਿਕਾਸੀ ਜਾਰੀ ਹੈ।
IMF ਪੈਕੇਜ ‘ਤੇ ਭਾਰਤ ਦਾ ਇਤਰਾਜ਼
ਇਸੇ ਵਿਚਕਾਰ ਪਾਕਿਸਤਾਨ ਆਰਥਿਕ ਤੰਗੀ ਤੋਂ ਨਿਕਲਣ ਲਈ ਆਈ.ਐੱਮ.ਐੱਫ (IMF) ਤੋਂ 11,000 ਕਰੋੜ ਰੁਪਏ ਦੇ ਬੇਲਆਊਟ ਦੀ ਉਮੀਦ ਕਰ ਰਿਹਾ ਹੈ, ਪਰ ਭਾਰਤ ਨੇ ਇਸ ਪੈਕੇਜ ‘ਤੇ ਇਤਰਾਜ਼ ਜਤਾਇਆ ਹੈ। ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਆਤੰਕਵਾਦੀ ਗਤੀਵਿਧੀਆਂ ਲਈ ਵਿਦੇਸ਼ੀ ਫੰਡਾਂ ਦੀ ਵਰਤੋਂ ਕਰਦਾ ਹੈ, ਇਸ ਲਈ ਆਈ.ਐੱਮ.ਐੱਫ. ਨੂੰ ਇਸ ਮਾਮਲੇ ਦੀ ਮੁੜ ਸਮੀਖਿਆ ਕਰਨੀ ਚਾਹੀਦੀ ਹੈ।
ਆਰਥਿਕ ਮੰਦਹਾਲੀ ਹੋ ਸਕਦੀ ਹੋਰ ਗੰਭੀਰ
ਜੇਕਰ ਆਈ.ਐੱਮ.ਐੱਫ. ਵੱਲੋਂ ਪੈਕੇਜ ਜਾਰੀ ਕਰਨ ‘ਚ ਦੇਰੀ ਕੀਤੀ ਜਾਂ ਰੋਕ ਲਗਾਈ ਜਾਂਦੀ ਹੈ, ਤਾਂ ਪਾਕਿਸਤਾਨ ਦੀ ਆਰਥਿਕ ਸਥਿਤੀ ਹੋਰ ਵੀ ਡਾਵਾਂ-ਡੋਲ ਹੋ ਸਕਦੀ ਹੈ। ਇਸਦਾ ਸਿੱਧਾ ਪ੍ਰਭਾਵ ਨਿਵੇਸ਼ਕਾਂ ਦੇ ਵਿਸ਼ਵਾਸ ਅਤੇ ਸਟਾਕ ਮਾਰਕੀਟ ‘ਤੇ ਪਵੇਗਾ।