ਪੰਜਾਬ ਵਿੱਚ ਹੋਣ ਵਾਲੇ ਬਲੈਕਆਊਟ ਤੇ ਮੌਕ ਡਰਿੱਲ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਕਿੱਥੇ ਤੇ ਕਦੋਂ ਵੱਜਣਗੇ ਸਾਇਰਨ
ਭਾਰਤ ਸਰਕਾਰ ਵੱਲੋਂ ਪਾਕਿਸਤਾਨ ਪ੍ਰੇਰਿਤ ਅੱਤਵਾਦ ਖ਼ਿਲਾਫ਼ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ, ਮੰਗਲਵਾਰ 7 ਮਈ ਨੂੰ ਦੇਸ਼ ਭਰ ਦੇ 244 ਜ਼ਿਲ੍ਹਿਆਂ ਵਿੱਚ ਐਮਰਜੈਂਸੀ ਮੌਕ ਡਰਿੱਲ ਕਰਨ ਦੇ ਹੁਕਮ ਦਿੱਤੇ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਇਹ ਕਦਮ ਲੋਕਾਂ ਦੀ ਸੁਰੱਖਿਆ ਅਤੇ ਤਿਆਰੀਆਂ ਦੀ ਜਾਂਚ ਕਰਨ ਲਈ ਚੁੱਕਿਆ ਗਿਆ ਹੈ। ਇਸ ਸੰਦਰਭ ਵਿੱਚ ਪੰਜਾਬ ਦੇ 17 ਜ਼ਿਲ੍ਹਿਆਂ ਨੂੰ ਮੌਕ ਡਰਿੱਲ ਲਈ ਚੁਣਿਆ ਗਿਆ ਹੈ।
ਪੰਜਾਬ ਦੇ ਇਹ 17 ਜ਼ਿਲ੍ਹੇ ਹੋਣਗੇ ਮੌਕ ਡਰਿੱਲ ਦਾ ਹਿੱਸਾ:
ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਬਰਨਾਲਾ, ਭਾਖੜਾ-ਨੰਗਲ, ਕੋਟਕਪੂਰਾ, ਬਟਾਲਾ, ਮੋਹਾਲੀ, ਅਬੋਹਰ, ਫਰੀਦਕੋਟ, ਰੋਪੜ ਅਤੇ ਸੰਗਰੂਰ।
ਮੌਕ ਡਰਿੱਲ ਦੌਰਾਨ ਕੀ ਹੋਵੇਗਾ?
ਇਹ ਮੌਕ ਡਰਿੱਲ ਰਾਤ 8 ਵਜੇ ਤੋਂ ਸ਼ੁਰੂ ਹੋ ਕੇ ਅੱਧੇ ਘੰਟੇ ਤੱਕ ਚੱਲ ਸਕਦੀ ਹੈ। ਇਸ ਦੌਰਾਨ ਚੁਣੇ ਹੋਏ ਖੇਤਰਾਂ ਵਿੱਚ ਬਲੈਕਆਊਟ ਲਾਇਆ ਜਾਵੇਗਾ, ਸਾਇਰਨ ਵੱਜਣਗੇ ਅਤੇ ਲੋਕਾਂ ਨੂੰ ਜੰਗ ਜਿਹੀ ਸਥਿਤੀ ਲਈ ਤਿਆਰ ਕੀਤਾ ਜਾਵੇਗਾ। ਡਰਿੱਲ ਵਿੱਚ ਪੁਲਿਸ, ਐਨ.ਡੀ.ਆਰ.ਐਫ. ਅਤੇ ਹੋਰ ਬਚਾਅ ਬਲ ਹਿੱਸਾ ਲੈਣਗੇ। ਉਨ੍ਹਾਂ ਨੂੰ ਸਿੱਖਾਇਆ ਜਾਵੇਗਾ ਕਿ ਹਮਲੇ ਦੀ ਸਥਿਤੀ ਵਿੱਚ ਕਿਵੇਂ ਰੱਖਿਆ ਕੀਤੀ ਜਾਵੇ।
ਮੌਕ ਡਰਿੱਲ ਦਾ ਉਦੇਸ਼
ਇਹ ਐਕਸਰਸਾਈਜ਼ ਇੰਨਾ ਵੱਡੇ ਪੱਧਰ ‘ਤੇ 1971 ਦੇ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਐਮਰਜੈਂਸੀ ਸਥਿਤੀ ਵਿਚ ਸਹੀ ਤਰੀਕੇ ਨਾਲ ਪ੍ਰਤੀਕਿਰਿਆ ਕਰਨ ਦੀ ਸਿਖਲਾਈ ਦੇਣਾ ਅਤੇ ਸਰਕਾਰੀ ਵਿਭਾਗਾਂ ਦੀ ਤਿਆਰੀ ਨੂੰ ਪਰਖਣਾ ਹੈ।
ਸਾਵਧਾਨ ਰਹੋ, ਪਰ ਘਬਰਾਓ ਨਾ
ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਕੇਵਲ ਮੌਕ ਡਰਿੱਲ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਤੁਰੰਤ ਖ਼ਤਰਾ ਨਹੀਂ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਂਤ ਰਹਿਣ, ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।