ਕਈ ਮੁਲਕਾਂ ਵੱਲੋਂ ਪਾਕਿਸਤਾਨ ਯਾਤਰਾ ‘ਤੇ ਚੇਤਾਵਨੀ, ਅਮਰੀਕਾ ਤੇ ਯੂ.ਕੇ ਨੇ ਜਾਰੀ ਕੀਤੀ ADVISORY
ਭਾਰਤ ਵੱਲੋਂ ‘ਆਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿਚ 9 ਅੱਤਵਾਦੀ ਠਿਕਾਣਿਆਂ ‘ਤੇ ਕੀਤੀ ਏਅਰ ਸਟ੍ਰਾਈਕ ਤੋਂ ਬਾਅਦ, ਅੰਤਰਰਾਸ਼ਟਰੀ ਪੱਧਰ ‘ਤੇ ਚਿੰਤਾ ਵਧ ਗਈ ਹੈ। ਇਸੇ ਦੌਰਾਨ ਕਈ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿੱਚ ਅਮਰੀਕਾ, ਯੂਨਾਈਟਡ ਕਿੰਗਡਮ (ਯੂ.ਕੇ.) ਸਮੇਤ ਹੋਰ ਕਈ ਮੁਲਕ ਸ਼ਾਮਲ ਹਨ।
ਅਮਰੀਕਾ ਵੱਲੋਂ ਚੇਤਾਵਨੀ
ਅਮਰੀਕੀ ਵਿਦੇਸ਼ ਵਿਭਾਗ ਨੇ “ਫੌਜੀ ਗਤੀਵਿਧੀਆਂ ਅਤੇ ਬੰਦ ਹਵਾਈ ਖੇਤਰ” ਸਿਰਲੇਖ ਹੇਠ ਇੱਕ ਸੁਰੱਖਿਆ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਅਤੇ ਕੰਟਰੋਲ ਰੇਖਾ (LoC) ਦੇ ਨੇੜਲੇ ਇਲਾਕਿਆਂ ਵੱਲ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਖੇਤਰਾਂ ਵਿੱਚ ਅੱਤਵਾਦ ਅਤੇ ਹਥਿਆਰਬੰਦ ਝੜਪਾਂ ਦੇ ਸੰਭਾਵਿਤ ਖਤਰੇ ਹਨ। ਇਸ ਤੋਂ ਇਲਾਵਾ, ਪਾਕਿਸਤਾਨ ਦੇ ਲਈ ਅਮਰੀਕਾ ਵੱਲੋਂ ‘ਯਾਤਰਾ ’ਤੇ ਮੁੜ ਵਿਚਾਰ ਕਰੋ’ ਵਾਲੀ ADVISORY ਵੀ ਜਾਰੀ ਰਹੀ।
ਯੂ.ਕੇ ਵੱਲੋਂ ਵੀ ਚਿਤਾਵਨੀ
ਯੂਨਾਈਟਡ ਕਿੰਗਡਮ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਨੇ ਵੀ ਆਪਣੇ ਨਾਗਰਿਕਾਂ ਨੂੰ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ, ਕੰਟਰੋਲ ਰੇਖਾ, ਅਤੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ 10 ਮੀਲ ਦੇ ਅੰਦਰ ਯਾਤਰਾ ਨਾ ਕਰਨ ਦੀ ਸਖ਼ਤ ਸਲਾਹ ਦਿੱਤੀ ਹੈ।
ਇਹ ਚੇਤਾਵਨੀਆਂ ਭਾਰਤ-ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਅਤੇ ਫੌਜੀ ਸਰਗਰਮੀਆਂ ਦੇ ਮੱਦੇਨਜ਼ਰ ਜਾਰੀ ਕੀਤੀਆਂ ਗਈਆਂ ਹਨ।