ਅੰਮ੍ਰਿਤਸਰ ਏਅਰਪੋਰਟ ਇਸ ਤਾਰੀਖ਼ ਤੱਕ ਬੰਦ, 22 ਫਲਾਈਟਾਂ ਰੱਦ, ਯਾਤਰੀਆਂ ਨੂੰ ਸੁਚੇਤ ਰਹਿਣ ਦੀ ਅਪੀਲ
ਅੱਤਵਾਦ ਦੇ ਖ਼ਿਲਾਫ਼ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਫ਼ੈਸਲਾਕੁੰਨ “ਆਪ੍ਰੇਸ਼ਨ ਸਿੰਦੂਰ” ਦੇ ਤਹਿਤ ਪੈਦਾ ਹੋਈ ਤਣਾਅਪੂਰਨ ਸਥਿਤੀ ਦੇ ਚਲਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਨੂੰ 10 ਮਈ ਤੱਕ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।
ਸਰਕਾਰੀ ਸਰੋਤਾਂ ਅਨੁਸਾਰ, ਪਿਛਲੀ ਰਾਤ ਭਾਰਤੀ ਹਥਿਆਰਬੰਦ ਬਲਾਂ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਹੇਠ ਆਉਣ ਵਾਲੇ ਕਸ਼ਮੀਰ (PoK) ‘ਚ ਕਈ ਅੱਤਵਾਦੀ ਅੱਡਿਆਂ ‘ਤੇ ਸਟੀਕ ਹਵਾਈ ਹਮਲੇ ਕੀਤੇ ਗਏ। ਇਸ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਅੱਜ ਤੱਕ 22 ਫਲਾਈਟਾਂ ਰੱਦ ਕੀਤੀਆਂ ਗਈਆਂ ਹਨ। ਯਾਤਰੀਆਂ ਨੂੰ ਫਲਾਈਟ ਰੱਦ ਹੋਣ ਬਾਰੇ ਮੈਸੇਜਾਂ ਅਤੇ ਕਾਲਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਹਾਲਾਤ ਸਧਾਰਨ ਹੋਣ ਤੱਕ ਸਾਰੀਆਂ ਉਡਾਣਾਂ ਮੁਅੱਤਲ ਰਹਿਣਗੀਆਂ।
ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ, ਅਫਵਾਹਾਂ ਤੋਂ ਬਚਣ ਅਤੇ ਸਰਕਾਰੀ ਹਦਾਇਤਾਂ ਦਾ ਪੂਰਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ।