ਜਲੰਧਰ ’ਚ ਅੱਜ ਰਾਤ 8 ਤੋਂ 9 ਵਜੇ ਤਕ ਬਲੈਕਆਊਟ ਮੌਕ ਡ੍ਰਿਲ, ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਅਤੇ ਹੰਗਾਮੀ ਹਾਲਾਤਾਂ ‘ਚ ਪ੍ਰਤੀਕਿਰਿਆ ਨੂੰ ਪਰਖਣ ਦੇ ਉਦੇਸ਼ ਨਾਲ ਅੱਜ 7 ਮਈ ਨੂੰ ਰਾਤ 8 ਤੋਂ 9 ਵਜੇ ਤਕ ਇਕ ਘੰਟੇ ਦਾ ਬਲੈਕਆਊਟ ਮੌਕ ਅਭਿਆਸ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੌਕ ਡ੍ਰਿਲ ਦੌਰਾਨ ਘਬਰਾਉਣ ਦੀ ਲੋੜ ਨਹੀਂ ਹੈ, ਇਹ ਸਿਰਫ਼ ਤਿਆਰੀਆਂ ਦੀ ਜਾਂਚ ਲਈ ਕੀਤਾ ਜਾ ਰਿਹਾ ਇੱਕ ਅਗਾਊਂ ਅਭਿਆਸ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਇਸ ਤਰ੍ਹਾਂ ਦੇ ਅਭਿਆਸ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕੀਤੇ ਜਾ ਰਹੇ ਹਨ।

ਡਾ. ਅਗਰਵਾਲ ਨੇ ਵਿਸ਼ੇਸ਼ ਤੌਰ ‘ਤੇ ਅਪੀਲ ਕੀਤੀ ਕਿ ਨਾਗਰਿਕ ਸਾਰੇ ਘਰਾਂ ਦੀਆਂ ਲਾਈਟਾਂ, ਇਨਵਰਟਰ, ਜੈਨਰੇਟਰ ਆਦਿ ਬੰਦ ਰੱਖਣ, ਅਤੇ ਇਹ ਯਕੀਨੀ ਬਣਾਉਣ ਕਿ ਕੋਈ ਰੌਸ਼ਨੀ ਬਾਹਰ ਨਾਂ ਆਵੇ। ਜੇਕਰ ਜ਼ਰੂਰੀ ਤੌਰ ‘ਤੇ ਘਰ ਵਿਚ ਰੌਸ਼ਨੀ ਜਰੂਰੀ ਹੋਵੇ ਤਾਂ ਉਹ ਵੀ ਬੰਦ ਦਰਵਾਜਿਆਂ ਜਾਂ ਖਿੜਕੀਆਂ ਅੰਦਰ ਹੀ ਰਹੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਘਰਾਂ ਵਿਚ ਆਟੋਮੈਟਿਕ ਲਾਈਟਾਂ ਜਾਂ ਸੀਸੀਟੀਵੀ ਸਿਸਟਮ ਹਨ, ਉਹਨਾਂ ਨੂੰ ਵੀ ਇੱਕ ਘੰਟੇ ਲਈ ਬੰਦ ਰੱਖਿਆ ਜਾਵੇ ਤਾਂ ਜੋ ਪੂਰਾ ਹਨੇਰਾ ਬਣ ਸਕੇ।

ਡਿਪਟੀ ਕਮਿਸ਼ਨਰ ਨੇ ਵਾਹਨ ਚਲਾਉਣ ਤੋਂ ਵੀ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਜੇ ਜ਼ਰੂਰੀ ਹੋਵੇ ਤਾਂ ਵਾਹਨ ਕਿਸੇ ਸੁਰੱਖਿਅਤ ਥਾਂ ਰੋਕ ਕੇ, ਉਨ੍ਹਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ।

ਬਲੈਕਆਊਟ ਮੌਕ ਡ੍ਰਿਲ ਦੀ ਇਹ ਤਿਆਰੀ ਸਿਵਲ ਡਿਫੈਂਸ, ਪੁਲਸ ਅਤੇ ਬਿਜਲੀ ਵਿਭਾਗ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਇਸ ਅਭਿਆਸ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਬਿਜਲੀ ਬੰਦ ਹੋਣ ਦੀ ਸਥਿਤੀ ‘ਚ ਪ੍ਰਸ਼ਾਸਨ ਅਤੇ ਨਾਗਰਿਕ ਕਿੰਨੀ ਚੌਕਸੀ ਅਤੇ ਤਿਆਰੀ ਰੱਖਦੇ ਹਨ।

ਡਾ. ਅਗਰਵਾਲ ਨੇ ਅਖੀਰ ‘ਚ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ, “ਇਹ ਸਿਰਫ਼ ਇੱਕ ਤਿਆਰੀ ਹੈ, ਨਾ ਕਿ ਅਸਲੀ ਸੰਕਟ। ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਜ਼ਿਲ੍ਹਾ ਪ੍ਰਸ਼ਾਸਨ ਤੁਹਾਡੀ ਸਹਿਯੋਗ ਦੀ ਉਮੀਦ ਰੱਖਦਾ ਹੈ।”

Leave a Reply

Your email address will not be published. Required fields are marked *