PM ਮੋਦੀ ਨੇ ਰੱਖਿਆ ਹਮਲੇ ਦਾ ਨਾਂ ‘ਆਪਰੇਸ਼ਨ ਸਿੰਦੂਰ’, ਜਾਣੋ ਇਸ ਦੇ ਪਿੱਛੇ ਦੀ ਸੰਵੇਦਨਸ਼ੀਲ ਵਜ੍ਹਾ
ਪਹਿਲਗਾਮ ‘ਚ 22 ਅਪ੍ਰੈਲ ਨੂੰ ਹੋਏ ਨਿਰਦੋਸ਼ ਨਾਗਰਿਕਾਂ ਦੇ ਨਰਸੰਘਾਰ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਅਤੇ ਪੀਓਕੇ ‘ਚ ਸਥਿਤ 9 ਅੱਤਵਾਦੀ ਠਿਕਾਣਿਆਂ ‘ਤੇ ਹਮਲੇ ਕਰਕੇ ਕਰਾਰਾ ਜਵਾਬ ਦਿੱਤਾ। ਇਸ ਫੌਜੀ ਕਾਰਵਾਈ ਨੂੰ ‘ਆਪਰੇਸ਼ਨ ਸਿੰਦੂਰ’ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤੌਰ ‘ਤੇ ਚੁਣਿਆ।
ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ‘ਚ 26 ਨਾਗਰਿਕਾਂ ਦਾ ਕਤਲ ਕਰ ਦਿੱਤਾ ਸੀ, ਜਿਨ੍ਹਾਂ ‘ਚ ਸਾਰੇ ਪੁਰਸ਼ ਸਨ ਅਤੇ ਕਈ ਮ੍ਰਿਤਕਾਂ ਦੀਆਂ ਪੀੜਤ ਪਤਨੀਆਂ ਨੂੰ ਧਿਆਨ ‘ਚ ਰੱਖਦੇ ਹੋਏ ਜਵਾਬੀ ਮੁਹਿੰਮ ਲਈ ‘ਆਪਰੇਸ਼ਨ ਸਿੰਦੂਰ’ ਨਾਂ ਸਭ ਤੋਂ ਢੁਕਵਾਂ ਸਮਝਿਆ ਗਿਆ।
ਹਮਲੇ ਦੇ ਨਿਸ਼ਾਨੇ ਬਣੇ ਠਿਕਾਣੇ
ਮੰਗਲਵਾਰ ਦੀ ਰਾਤ 1.05 ਵਜੇ ਤੋਂ 1.30 ਵਜੇ ਤਕ ਚੱਲੇ ਇਸ ਆਪਰੇਸ਼ਨ ਦੌਰਾਨ ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਪਾਕਿਸਤਾਨ ਦੇ ਬਹਾਵਲਪੁਰ, ਮੁਰੀਦਕੇ, ਅਤੇ ਪੀਓਕੇ ਵਿੱਚ ਲਸ਼ਕਰ ਅਤੇ ਜੈਸ਼ ਦੇ ਕਈ ਟਿਕਾਣਿਆਂ ‘ਤੇ ਹਮਲੇ ਕੀਤੇ। ਇਹ ਠਿਕਾਣੇ ਅੱਤਵਾਦੀ ਲਾਂਚਪੈਡ, ਸਿਖਲਾਈ ਕੈਂਪ ਅਤੇ ਗੋਦਾਮ ਸਨ, ਜਿਥੇ ਪਿਛਲੇ ਕਈ ਸਾਲਾਂ ਤੋਂ ਭਾਰਤ ਵਿਰੋਧੀ ਸਾਜ਼ਿਸ਼ਾਂ ਦੀ ਤਿਆਰੀ ਹੋ ਰਹੀ ਸੀ।
ਭਾਰਤ ਦਾ ਸਪਸ਼ਟ ਸੰਦੇਸ਼:
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਫੈਸਲੇ ਰਾਹੀਂ ਦੱਸ ਦਿੱਤਾ ਹੈ ਕਿ ਨਿਰਦੋਸ਼ ਨਾਗਰਿਕਾਂ ‘ਤੇ ਹਮਲਾ ਕਰਨਾ ਮਹਿੰਗਾ ਪਏਗਾ। ‘ਆਪਰੇਸ਼ਨ ਸਿੰਦੂਰ’ ਨਾ ਸਿਰਫ ਇਕ ਫੌਜੀ ਕਾਰਵਾਈ ਹੈ, ਸਗੋਂ ਇਹ ਸ਼ਹੀਦਾਂ ਦੀ ਯਾਦ ਵਿਚ ਲਿਆ ਗਿਆ ਸੰਵੇਦਨਸ਼ੀਲ ਤੇ ਤਾਕਤਵਰ ਜਵਾਬ ਵੀ ਹੈ।