ਭਲਕੇ ਪੂਰੇ ਪੰਜਾਬ ’ਚ ਵੱਜਣਗੇ ਹੂਟਰ, 9 ਤੋਂ 9:30 ਵਜੇ ਤੱਕ ਰਹੇਗਾ ਬਲੈਕਆਊਟ – ਮੌਕ ਡਰਿੱਲ ਲਈ ਪ੍ਰਸ਼ਾਸਨ ਦੀ ਤਿਆਰੀ ਪੂਰੀ
ਭਾਰਤ-ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਪੰਜਾਬ ‘ਚ ਭਲਕੇ ਰਾਤ ਨੂੰ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਹੇਠ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਸ ਮੌਕੇ ’ਤੇ ਰਾਤ 9 ਵਜੇ ਤੋਂ 9:30 ਵਜੇ ਤੱਕ ਸੂਬੇ ਭਰ ਵਿੱਚ ਹੂਟਰ ਵੱਜਣਗੇ ਅਤੇ ਬਲੈਕਆਊਟ ਕੀਤਾ ਜਾਵੇਗਾ।
ਜ਼ਿਲ੍ਹਾ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕ ਡਰਿੱਲ ਲਈ ਅੱਜ ਸ਼ਾਮ 7 ਵਜੇ ਤੋਂ 7:15 ਵਜੇ ਤੱਕ ਸਾਰੇ ਹੂਟਰ ਚਲਾਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ, ਤਾਂ ਜੋ ਜੇਕਰ ਕੋਈ ਅਸਲ ਐਮਰਜੈਂਸੀ ਆਵੇ ਤਾਂ ਸਿਸਟਮ ਨੂੰ ਤੁਰੰਤ ਕਾਰਜਸ਼ੀਲ ਕੀਤਾ ਜਾ ਸਕੇ।
ਉਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇਹ ਕੇਵਲ ਇੱਕ ਅਭਿਆਸ ਹੈ, ਇਸ ਕਰਕੇ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਨੇ ਆਗਾਹ ਕੀਤਾ ਕਿ ਭਲਕੇ ਰਾਤ ਮੌਕ ਡਰਿੱਲ ਦੌਰਾਨ ਲੋਕ ਆਪਣੇ ਘਰਾਂ ਵਿੱਚ ਰਹਿਣ, ਅਤੇ ਲਾਈਟਾਂ, ਇਨਵਰਟਰ ਅਤੇ ਜਰਨੇਟਰ ਬੰਦ ਰੱਖਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਮੌਕੇ ’ਤੇ ਪੂਰਾ ਪੁਲਸ ਅਤੇ ਪ੍ਰਸ਼ਾਸਨਿਕ ਅਮਲਾ ਤਾਇਨਾਤ ਰਹੇਗਾ, ਜੋ ਮੌਕ ਡਰਿੱਲ ਦੀ ਨਿਗਰਾਨੀ ਕਰੇਗਾ ਅਤੇ ਕਿਸੇ ਵੀ ਅਣਚਾਹੀ ਘਟਨਾ ਤੋਂ ਨਜਿੱਠਣ ਲਈ ਤਿਆਰ ਰਹੇਗਾ।
ਇਹ ਮੌਕ ਡਰਿੱਲ ਨਾਗਰਿਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਐਮਰਜੈਂਸੀ ਹਾਲਾਤਾਂ ਲਈ ਤਿਆਰ ਕਰਨ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹੈ।