ਜੰਗ ਦੀ ਤਿਆਰੀ: ਫਿਰੋਜ਼ਪੁਰ ਛਾਉਣੀ ‘ਚ ਹੋਇਆ ਅੱਧੇ ਘੰਟੇ ਲਈ ਬਲੈਕਆਊਟ, ਲੋਕਾਂ ਨੂੰ ਦਿੱਤੇ ਗਏ ਸਖ਼ਤ ਨਿਰਦੇਸ਼
ਪਹਿਲਗਾਮ ਵਿੱਚ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ, ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਉਚੇਤ ਤਿਆਰੀਆਂ ਕਰ ਰਹੀਆਂ ਹਨ। ਇਨ੍ਹਾਂ ਹੀ ਤਿਆਰੀਆਂ ਦੇ ਤਹਿਤ ਅੱਜ ਫਿਰੋਜ਼ਪੁਰ ਛਾਉਣੀ ’ਚ ਛਾਉਣੀ ਬੋਰਡ ਵੱਲੋਂ ਅੱਧੇ ਘੰਟੇ ਲਈ ਬਲੈਕਆਊਟ ਦੀ ਮੌਕ ਡ੍ਰਿਲ ਕੀਤੀ ਗਈ।
ਇਸ ਡ੍ਰਿਲ ਦੀ ਪੂਰਵ ਜਾਣਕਾਰੀ ਲੋਕਾਂ ਨੂੰ ਦਿੱਤੀ ਗਈ ਸੀ ਅਤੇ ਦੌਰਾਨ ਸਾਇਰਨ ਵਜਾ ਕੇ ਇਲਾਕੇ ਨੂੰ ਚੇਤਾਵਨੀ ਦਿੱਤੀ ਗਈ। ਬਲੈਕਆਊਟ ਦੌਰਾਨ ਛਾਉਣੀ ਇਲਾਕਾ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬਿਆ ਰਿਹਾ। ਲੋਕਾਂ ਤੋਂ ਘਰਾਂ ਦੀਆਂ ਬਾਹਰੀ ਲਾਈਟਾਂ, ਇਨਵਰਟਰ ਤੇ ਜਨਰੇਟਰ ਦੀਆਂ ਲਾਈਟਾਂ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਗਈ। ਨਿਵਾਸੀਆਂ ਨੇ ਵੀ ਸਹਿਯੋਗ ਦਿਖਾਉਂਦੇ ਹੋਏ ਆਪਣੀਆਂ ਲਾਈਟਾਂ ਬੰਦ ਰੱਖੀਆਂ।
ਪੁਲਸ ਵੱਲੋਂ ਵੀ ਬਲੈਕਆਊਟ ਦੌਰਾਨ ਸਖ਼ਤ ਨਾਕਾਬੰਦੀ ਕੀਤੀ ਗਈ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੋਕਸੀ ਨਾਲ ਜਾਂਚ ਕੀਤੀ ਗਈ। ਹਾਲਾਂਕਿ ਕੁਝ ਰਾਹਗੀਰ ਆਪਣੇ ਵਾਹਨਾਂ ਦੀਆਂ ਲਾਈਟਾਂ ਚਲਾ ਕੇ ਆਵਾਜਾਈ ਕਰਦੇ ਰਹੇ। ਇੱਕ ਢਾਬਾ ਮਾਲਕ ਨੇ ਵੀ ਪੁਸ਼ਟੀ ਕੀਤੀ ਕਿ ਇਹ ਮੌਕ ਡ੍ਰਿਲ ਛਾਉਣੀ ਬੋਰਡ ਵੱਲੋਂ ਕੀਤੀ ਗਈ ਸੀ।
ਇਹ ਮੌਕ ਡ੍ਰਿਲ ਇਸ ਗੱਲ ਦਾ ਸੰਕੇਤ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਇਦਾਰਿਆਂ ਵੱਲੋਂ ਸੰਭਾਵਿਤ ਸਥਿਤੀਆਂ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ।