ਤਾਪਮਾਨ ਵਿੱਚ ਗਿਰਾਵਟ ਤੋਂ ਬਾਅਦ ਹੁਣ ਮੀਂਹ-ਤੂਫ਼ਾਨ ਦੀ ਚੇਤਾਵਨੀ, 7 ਮਈ ਤੱਕ ਯੈਲੋ ਅਲਰਟ
ਇੱਕ ਵਾਰ ਫਿਰ ਪੰਜਾਬ ਦੇ ਮੌਸਮ ਨੇ ਪਲਟਾ ਮਾਰਿਆ ਹੈ। ਭਿਆਨਕ ਗਰਮੀ ਤੋਂ ਬਾਅਦ ਹੋਈ ਬਰਸਾਤ ਨੇ ਲੋਕਾਂ ਨੂੰ ਠੰਢੀ ਸੁਆਸ ਲੈਣ ਦਾ ਮੌਕਾ ਦਿੱਤਾ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਹਲਕੀ ਤੇ ਮੋਟੇ ਮੀਂਹ ਨੇ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਲਿਆਈ ਹੈ। ਮੌਸਮ ਵਿਭਾਗ ਮੁਤਾਬਕ 2 ਮਈ ਨੂੰ ਪੰਜਾਬ ਦਾ ਵੱਧ ਤੋਂ ਵੱਧ ਔਸਤ ਤਾਪਮਾਨ 5.5 ਡਿਗਰੀ ਸੈਲਸੀਅਸ ਰਿਹਾ, ਜੋ ਆਮ ਤਾਪਮਾਨ ਨਾਲੋਂ 8.3 ਡਿਗਰੀ ਘੱਟ ਦਰਜ ਕੀਤਾ ਗਿਆ। ਇਸ ਗਿਰਾਵਟ ਨਾਲ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਤਾਪਮਾਨ 34 ਡਿਗਰੀ ਤੋਂ ਹੇਠਾਂ ਆ ਗਿਆ, ਜਿੱਥੇ ਪਹਿਲਾਂ ਇਹ 40 ਡਿਗਰੀ ਦੇ ਨੇੜੇ ਸੀ।
ਇਸਦੇ ਨਾਲ ਹੀ ਮੌਸਮ ਵਿਭਾਗ ਵੱਲੋਂ 7 ਮਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅਲਰਟ ਅਨੁਸਾਰ ਅਗਲੇ ਕੁਝ ਦਿਨਾਂ ਦੌਰਾਨ ਸੂਬੇ ਵਿੱਚ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸਦੇ ਨਾਲ-ਨਾਲ ਬਿਜਲੀ ਚਮਕਣ ਅਤੇ ਮੀਂਹ ਦੇ ਨਾਲ ਝੱਕੜੀ ਤੂਫ਼ਾਨ ਵੀ ਆ ਸਕਦੇ ਹਨ।
ਜਿਨ੍ਹਾਂ ਜ਼ਿਲ੍ਹਿਆਂ ਲਈ ਇਹ ਅਲਰਟ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਪਟਿਆਲਾ, ਮੋਹਾਲੀ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ। ਮੌਸਮ ਵਿਗਿਆਨੀਆਂ ਦੇ ਅਨੁਸਾਰ ਇਹ ਹਾਲਤ ਪੱਛਮੀ ਚੱਕਰਵਾਤੀ ਪ੍ਰਣਾਲੀ ਕਾਰਨ ਬਣੀ ਹੈ।
ਇਸੇ ਦੇ ਨਜ਼ਰ ਵਿਚ ਰੱਖਦਿਆਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਕੱਟੀ ਹੋਈ ਫ਼ਸਲ ਦੀ ਸਹੀ ਸੰਭਾਲ ਕਰਨ ਅਤੇ ਜ਼ਰੂਰੀ ਪ੍ਰਬੰਧ ਕਰਨ, ਕਿਉਂਕਿ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।