ਗੋਆ ਦੇ ਮੰਦਰ ‘ਚ ਤਿਉਹਾਰ ਦੌਰਾਨ ਭਾਜੜ, 7 ਦੀ ਮੌਤ, 30 ਤੋਂ ਵੱਧ ਜ਼ਖਮੀ
ਉੱਤਰੀ ਗੋਆ ਦੇ ਸ਼੍ਰੀ ਲਈਰਾਈ ਦੇਵੀ ਮੰਦਰ ‘ਚ ਸ਼ਨੀਵਾਰ ਸਵੇਰੇ ਹੋਏ ਭਿਆਨਕ ਭਾਜੜ ਦੇ ਚਲਦਿਆਂ 7 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ। ਇਹ ਹਾਦਸਾ ਸ਼ਿਰਗਾਂਵ ਵਿਖੇ ਤਿਉਹਾਰੀ ਸਮਾਗਮ ਦੌਰਾਨ ਵਾਪਰਿਆ, ਜਿੱਥੇ ਗੋਆ, ਮਹਾਰਾਸ਼ਟਰ ਅਤੇ ਕਰਨਾਟਕ ਤੋਂ ਹਜ਼ਾਰਾਂ ਭਗਤ ਪਹੁੰਚੇ ਹੋਏ ਸਨ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਭਾਜੜ ਦਾ ਅਸਲੀ ਕਾਰਨ ਹੁਣੇ ਤਕ ਸਪਸ਼ਟ ਨਹੀਂ ਹੋਇਆ, ਪਰ ਜਾਂਚ ਜਾਰੀ ਹੈ। ਮੌਕੇ ‘ਤੇ ਹਲਚਲ ਮਚ ਗਈ ਜਦੋਂ ਲੋਕ ਬੇਹੋਸ਼ ਹੋਣ ਲੱਗੇ ਅਤੇ ਇੱਥੇ ਉਥੇ ਰੌਲਾ ਪੈ ਗਿਆ।
ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਜਾਣਕਾਰੀ ਦਿੱਤੀ ਕਿ 8 ਲੋਕਾਂ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ‘ਚੋਂ 2 ਨੂੰ ਗੋਆ ਮੈਡੀਕਲ ਕਾਲਜ (ਬੰਬੋਲਿਮ) ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਤੁਰੰਤ ਕਾਰਵਾਈ ਕੀਤੀ ਗਈ – 5 ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ, ਅਤੇ ਤਿੰਨ ਹੋਰ ਐਂਬੂਲੈਂਸਾਂ ਉੱਤਰੀ ਗੋਆ ਜ਼ਿਲ੍ਹਾ ਹਸਪਤਾਲ ‘ਚ ਤੈਨਾਤ ਕੀਤੀਆਂ ਗਈਆਂ।
ਰਾਣੇ ਨੇ ਦੱਸਿਆ ਕਿ ਵਾਧੂ ਡਾਕਟਰਾਂ ਨੂੰ ਤੁਰੰਤ ਡਿਊਟੀ ‘ਤੇ ਬੁਲਾਇਆ ਗਿਆ, ਵੈਂਟੀਲੇਟਰਾਂ ਨਾਲ ਲੈਸ ਆਈਸੀਯੂ ਵਿੱਖੇ ਮਰੀਜ਼ਾਂ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਸਾਰੇ ਜ਼ਰੂਰੀ ਸਾਧਨਾਂ ਦੀ ਉਪਲਬਧਤਾ ਯਕੀਨੀ ਬਣਾਈ ਗਈ।