ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ
ਪੰਜਾਬ ‘ਚ ਗਰਮੀ ਦਾ ਪਾਰਾ ਤੇਜ਼ੀ ਨਾਲ ਚੜ੍ਹ ਰਿਹਾ ਹੈ। ਮੌਸਮ ਵਿਭਾਗ ਨੇ ਰਾਜ ਦੇ ਕਈ ਹਿੱਸਿਆਂ ‘ਚ ਅਗਲੇ ਦਿਨਾਂ ਲਈ ਖਤਰੇ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। 29 ਅਤੇ 30 ਅਪ੍ਰੈਲ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਭਿਆਨਕ ‘ਲੂ’ ਪੈਣ ਦੀ ਸੰਭਾਵਨਾ ਹੈ, ਜਦਕਿ 1 ਤੋਂ 4 ਮਈ ਤੱਕ ਧੂੜ ਭਰੀ ਹਨ੍ਹੇਰੀ, ਬਿਜਲੀ ਚਮਕਣ ਅਤੇ ਮੀਂਹ ਦੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ।
ਕਿਹੜੇ ਇਲਾਕੇ ਰਹਿਣਗੇ ਪ੍ਰਭਾਵਿਤ?
ਮੌਸਮ ਵਿਭਾਗ ਦੇ ਅਨੁਸਾਰ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ‘ਲੂ’ ਦੀ ਵੱਡੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉੱਥੇ ਹੀ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਐੱਸ.ਏ.ਐੱਸ. ਨਗਰ (ਮੋਹਾਲੀ), ਗੁਰਦਾਸਪੁਰ, ਤਰਨਤਾਰਨ ਅਤੇ ਨਵਾਂਸ਼ਹਿਰ ਸਮੇਤ ਹੋਰ ਇਲਾਕਿਆਂ ਵਿੱਚ ਮੀਂਹ, ਹਨ੍ਹੇਰੀ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਜਤਾਈ ਗਈ ਹੈ।
ਲੋਕਾਂ ਲਈ ਐਲਰਟ: ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ
ਮੌਸਮ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਵਿਭਾਗ ਨੇ ਦੱਸਿਆ ਕਿ ‘ਲੂ’ ਦੇ ਦੌਰਾਨ ਵਿਸ਼ੇਸ਼ ਕਰਕੇ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ। ਬਜੁਰਗਾਂ, ਬੱਚਿਆਂ ਅਤੇ ਬੀਮਾਰ ਲੋਕਾਂ ਲਈ ਇਹ ਮੌਸਮ ਖਾਸ ਤੌਰ ‘ਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ।