ਕਾਂਸਟੇਬਲ ਅਮਨਦੀਪ ਮਾਮਲਾ: ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ, ਵੱਡੇ ਖੁਲਾਸਿਆਂ ਦੀ ਉਮੀਦ
ਬਠਿੰਡਾ ‘ਚ ਨਸ਼ੇ ਦੇ ਮਾਮਲੇ ਵਿੱਚ ਫੜੀ ਗਈ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਆਖ਼ਰਕਾਰ ਸੀ.ਆਈ.ਏ. ਪੁਲਸ ਨੇ ਸੋਮਵਾਰ ਨੂੰ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਐੱਸ.ਐੱਸ.ਪੀ. ਅਮਨੀਤ ਕੌਂਡਲ ਵੱਲੋਂ ਅਜੇ ਤੱਕ ਇਸ ਬਾਬਤ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ, ਪਰ ਸੂਤਰਾਂ ਮੁਤਾਬਕ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਟੀਮ ਉਸ ਨੂੰ ਬਠਿੰਡਾ ਲੈ ਕੇ ਚਲੀ ਗਈ ਹੈ।
ਪੁਲਸ ਨੇ ਅਮਨਦੀਪ ਕੌਰ ਦੀ ਪੁੱਛਗਿੱਛ ਦੇ ਆਧਾਰ ’ਤੇ ਬਲਵਿੰਦਰ ਸਿੰਘ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਸੀ। ਦੱਸਣਯੋਗ ਹੈ ਕਿ ਸੋਨੂੰ ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਵਿਖੇ ਗੁਰਮੀਤ ਕੌਰ ਨਾਂ ਦੀ ਔਰਤ ਨਾਲ ਕੁੱਟਮਾਰ ਕਰ ਕੇ ਪੁਲਸ ਦੀ ਮੌਜੂਦਗੀ ਵਿਚੋਂ ਭੱਜ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਐੱਸ.ਐੱਸ.ਪੀ. ਨੂੰ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ, ਜਿਸ ਮਗਰੋਂ ਸੋਨੂੰ ਖਿਲਾਫ ਕੁੱਟਮਾਰ ਦੀ ਧਾਰਾ ਹੇਠ ਕੇਸ ਦਰਜ ਹੋਇਆ।
ਸੂਤਰਾਂ ਮੁਤਾਬਕ ਗ੍ਰਿਫ਼ਤਾਰੀ ਤੋਂ ਪਹਿਲਾਂ ਸੋਨੂੰ ਬੁਲੇਟ ‘ਤੇ ਗਹਿਰੀ ਬੁੱਟਰ ਗਿਆ ਤੇ ਉੱਥੋਂ ਦਿੱਲੀ ਵੱਲ ਵਰਨਾ ਕਾਰ ਰਾਹੀਂ ਰਵਾਨਾ ਹੋ ਗਿਆ ਸੀ। ਐਤਵਾਰ ਰਾਤ ਸੀ.ਆਈ.ਏ. ਟੀਮ ਨੇ ਉਸ ਦੀ ਸੂਚਨਾ ਮਿਲਣ ‘ਤੇ ਜ਼ੀਰਕਪੁਰ ‘ਚ ਛਾਪਾ ਮਾਰ ਕੇ ਸੋਮਵਾਰ ਦੁਪਹਿਰ ਨੂੰ ਗ੍ਰਿਫ਼ਤਾਰ ਕਰ ਲਿਆ।
ਹੁਣ ਪੁਲਸ ਅਮਨਦੀਪ ਕੌਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਲੈ ਕੇ ਸੋਨੂੰ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤफ़ਤੀਸ਼ ਦੌਰਾਨ ਨਸ਼ੇ ਦੇ ਜਾਲ ਸਬੰਧੀ ਵੱਡੇ ਖੁਲਾਸੇ ਹੋ ਸਕਦੇ ਹਨ।
ਯਾਦ ਰਹੇ ਕਿ 2 ਅਪ੍ਰੈਲ 2025 ਨੂੰ ਅਮਨਦੀਪ ਕੌਰ ਨੂੰ ਥਾਰ ਗੱਡੀ ‘ਚੋਂ 17 ਗ੍ਰਾਮ ਹੈਰੋਇਨ ਸਮੇਤ ਏ.ਐਨ.ਟੀ.ਐੱਫ. ਵੱਲੋਂ ਫੜਿਆ ਗਿਆ ਸੀ, ਜਿਸ ਦੇ ਬਾਅਦ ਥਾਣਾ ਕੈਨਾਲ ਵਿਚ ਮਾਮਲਾ ਦਰਜ ਹੋਇਆ ਸੀ। ਹੁਣ ਸੋਨੂੰ ਦੀ ਗ੍ਰਿਫ਼ਤਾਰੀ ਨਾਲ ਮਾਮਲਾ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਿਆ ਹੈ।