ਪੰਜਾਬ ਸਰਕਾਰ ਵੱਲੋਂ ਐਨਰਜੀ ਡਰਿੰਕਸ ’ਤੇ ਵੱਡੀ ਕਾਰਵਾਈ ਦੀ ਤਿਆਰੀ
ਪੰਜਾਬ ਸਰਕਾਰ ਸੂਬੇ ਦੇ ਸਕੂਲਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਲਈ ਤਿਆਰ ਹੈ। ਸਰਕਾਰੀ ਸਰੋਤਾਂ ਮੁਤਾਬਕ, ਇਹ ਹੁਕਮ ਇਸ ਹਫ਼ਤੇ ਜਾਰੀ ਹੋ ਸਕਦੇ ਹਨ। ਸਿਹਤ ਵਿਭਾਗ ਵੱਲੋਂ ਸਕੂਲਾਂ ਦੀਆਂ ਕੰਟੀਨਾਂ ਅਤੇ 500 ਮੀਟਰ ਦੇ ਦਾਇਰੇ ਵਿਚ ਪੈਂਦੀਆਂ ਦੁਕਾਨਾਂ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ‘ਤੇ ਰੋਕ ਲਗਾਈ ਜਾਵੇਗੀ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪ੍ਰਵਾਨਗੀ
ਸੂਤਰਾਂ ਦੇ ਅਨੁਸਾਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਇਸ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਫ਼ੀਨ ਦੀ ਉੱਚ ਮਾਤਰਾ ਦੇ ਕਾਰਨ ਇਹ ਡਰਿੰਕਸ ਬੱਚਿਆਂ ਦੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪੀਣ ਵਾਲੇ ਪਦਾਰਥ ਨਵੀਂ ਪੀੜ੍ਹੀ ਉੱਤੇ ਨਕਾਰਾਤਮਕ ਪ੍ਰਭਾਵ ਪਾ ਰਹੇ ਹਨ।
ਨਸ਼ਿਆਂ ਵਿਰੁੱਧ ਯੁੱਧ ਦੇ ਹਿੱਸੇ ਵਜੋਂ ਕਦਮ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹਿੱਸੇ ਵਜੋਂ ਇਹ ਫੈਸਲਾ ਲਿਆ ਗਿਆ ਹੈ। ਸਾਲ 2023-24 ਵਿੱਚ ਪੰਜਾਬ ’ਚ 12,680 ਕਰੋੜ ਰੁਪਏ ਦੇ ਪੀਣ ਵਾਲੇ ਪਦਾਰਥ ਵਿਕੇ, ਜਿਨ੍ਹਾਂ ’ਚੋਂ ਇੱਕ ਹਿੱਸਾ ਐਨਰਜੀ ਡਰਿੰਕਸ ਦਾ ਵੀ ਸੀ।
ਸਰਵੇਖਣ ਅਤੇ ਨਮੂਨੇ ਲੈਣ ਦੀ ਤਿਆਰੀ
ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਸਰਵੇਖਣ ਕਰਵਾਇਆ ਜਾਵੇਗਾ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਬਾਜ਼ਾਰ ਵਿੱਚ ਕਿਹੜੇ ਐਨਰਜੀ ਡਰਿੰਕ ਉਪਲਬਧ ਹਨ ਅਤੇ ਉਨ੍ਹਾਂ ਵਿੱਚ ਕੈਫ਼ੀਨ ਦੀ ਮਾਤਰਾ ਕਿੰਨੀ ਹੈ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾ ਸਕਦਾ ਹੈ।
ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ ਦੀ ਤਿਆਰੀ
ਜਿਸ ਤਰ੍ਹਾਂ ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਐਨਰਜੀ ਡਰਿੰਕਸ ’ਤੇ ਪਾਬੰਦੀ ਲਗਾਈ ਸੀ, ਹੁਣ ਪੰਜਾਬ ਸਰਕਾਰ ਵੀ ਸਿਹਤ ਸੰਬੰਧੀ ਚਿੰਤਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਵੱਡਾ ਕਦਮ ਚੁੱਕਣ ਜਾ ਰਹੀ ਹੈ।
ਇਹ ਫੈਸਲਾ ਨਾ ਸਿਰਫ਼ ਨਵੀਂ ਪੀੜ੍ਹੀ ਦੀ ਸਿਹਤ ਲਈ ਲਾਭਕਾਰੀ ਹੋਵੇਗਾ, ਸਗੋਂ ਇਹ ਨਸ਼ਾ ਮੁਕਤ ਪੰਜਾਬ ਵੱਲ ਵਧਾਇਆ ਗਿਆ ਇਕ ਹੋਰ ਮਜ਼ਬੂਤ ਕਦਮ ਸਾਬਤ ਹੋ ਸਕਦਾ ਹੈ।