ਮੁਸਤਫਾਬਾਦ ’ਚ ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਵੱਡਾ ਹਾਦਸਾ, 4 ਦੀ ਮੌਤ, 18 ਨੂੰ ਬਚਾਇਆ ਗਿਆ
ਉੱਤਰ-ਪੂਰਬੀ ਦਿੱਲੀ ਦੇ ਦਿਆਲਪੁਰ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ, ਜਦੋਂ ਸ਼ਕਤੀ ਵਿਹਾਰ ਇਲਾਕੇ ਵਿੱਚ ਸਥਿਤ ਚਾਰ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਇਹ ਹਾਦਸਾ ਰਾਤ ਕਰੀਬ 3 ਵਜੇ ਵਾਪਰਿਆ ਅਤੇ ਇਲਾਕਾ ਮੁਸਤਫਾਬਾਦ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ।
ਐਡੀਸ਼ਨਲ ਡੀਸੀਪੀ ਸੰਦੀਪ ਲਾਂਬਾ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਚਾਂਦਨੀ, ਦਾਨਿਸ਼, ਰੇਸ਼ਮਾ ਅਤੇ ਨਵੀਦ ਵਜੋਂ ਹੋਈ ਹੈ।
ਮਲਬੇ ਹੇਠਾਂ ਦੱਬੇ ਹੋਏ 18 ਲੋਕਾਂ ਨੂੰ ਰਾਹਤ ਕਾਰਜਾਂ ਰਾਹੀਂ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ’ਚੋਂ 14 ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਕੁਝ ਹੋਰ ਲੋਕਾਂ ਦੇ ਮਲਬੇ ਹੇਠ ਹੋਣ ਦੀ ਅਜੇ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਮੌਕੇ ’ਤੇ ਐੱਨਡੀਆਰਐੱਫ, ਡਾਗ ਸਕੁਐਡ, ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਰਾਹਤ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਸਥਾਨਕ ਲੋਕ ਵੀ ਬਚਾਅ ਕਾਰਜਾਂ ਵਿੱਚ ਭਰਪੂਰ ਸਹਿਯੋਗ ਦੇ ਰਹੇ ਹਨ।
ਇੱਕ ਚਸ਼ਮਦੀਦ ਨੇ ਦੱਸਿਆ ਕਿ ਇਮਾਰਤ ਪੁਰਾਣੀ ਜਾਂ ਖੰਡਰ ਹਾਲਤ ਵਿੱਚ ਨਹੀਂ ਸੀ। ਹਾਲਾਂਕਿ, ਇਹ ਇਕ ਐਲ-ਆਕਾਰ ਦੇ ਪਲਾਟ ’ਤੇ ਬਣੀ ਹੋਈ ਸੀ ਜੋ ਸੰਭਵਤ: ਢਹਿਣ ਦਾ ਕਾਰਨ ਬਣਿਆ।
ਦਿੱਲੀ ਫਾਇਰ ਸਰਵਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 2:50 ਵਜੇ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚ ਕੇ ਦੇਖਿਆ ਗਿਆ ਕਿ ਪੂਰੀ ਇਮਾਰਤ ਜ਼ਮੀਨਦੋਜ਼ ਹੋ ਚੁੱਕੀ ਸੀ ਅਤੇ ਕਈ ਲੋਕ ਮਲਬੇ ਹੇਠਾਂ ਦੱਬੇ ਹੋਏ ਸਨ।
ਰਾਹਤ ਕਾਰਜ ਜਾਰੀ ਹਨ ਅਤੇ ਪ੍ਰਸ਼ਾਸਨ ਨੇ ਵਧੇਰੇ ਜਾਨਚ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ।