ਕੈਨੇਡਾ ‘ਚ ਭਿਆਨਕ ਹਾਦਸਾ: ਗੋਲੀਬਾਰੀ ਦੌਰਾਨ ਬੱਸ ਉਡੀਕ ਰਹੀ ਪੰਜਾਬੀ ਵਿਦਿਆਰਥਣ ਦੀ ਮੌਤ
ਕੈਨੇਡਾ ਤੋਂ ਆ ਰਹੀ ਇਕ ਦੁਖਦਾਈ ਖ਼ਬਰ ‘ਚ 21 ਸਾਲਾ ਪੰਜਾਬੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਹਰਸਿਮਰਤ ਹੈਮਿਲਟਨ ਵਿਖੇ ਮੋਹਾਕ ਕਾਲਜ ਦੀ ਵਿਦਿਆਰਥਣ ਸੀ ਅਤੇ ਘਟਨਾ ਸਮੇਂ ਬੱਸ ਸਟੈਂਡ ‘ਤੇ ਕੰਮ ‘ਤੇ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ।
ਵਾਰਦਾਤ ਦੀ ਜਾਣਕਾਰੀ
ਹੈਮਿਲਟਨ ਪੁਲਸ ਅਨੁਸਾਰ, ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ 7:30 ਵਜੇ ਹੋਈ ਜਦੋਂ ਉੱਪਰ ਜੇਮਸ ਅਤੇ ਸਾਊਥ ਬੈਂਡ ਰੋਡ ਸਟਰੀਟ ‘ਤੇ ਦੋ ਵਾਹਨਾਂ ਵਿਚਕਾਰ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਗੋਲੀ ਹਰਸਿਮਰਤ ਨੂੰ ਲੱਗੀ, ਜਿਸ ਕਾਰਨ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ।
ਪੁਲਸ ਨੇ ਕੀਤੀ ਪੁਸ਼ਟੀ
ਹੈਮਿਲਟਨ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਹਰਸਿਮਰਤ ਦਾ ਫਾਇਰਿੰਗ ਕਰ ਰਹੇ ਕਿਸੇ ਵੀ ਗੁੱਟ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਸਿਰਫ਼ ਇੱਕ ਬੇਕਸੂਰ ਸ਼ਿਕਾਰ ਬਣੀ। ਫਾਇਰਿੰਗ ਦੌਰਾਨ ਨੇੜੇ ਹੀ ਇਕ ਘਰ ਦੀ ਖਿੜਕੀ ਵੀ ਟੁੱਟ ਗਈ, ਪਰ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ ਹੋਈ।
ਭਾਰਤੀ ਅੰਬੈਸੀ ਨੇ ਜਤਾਇਆ ਦੁੱਖ
ਓਟਾਵਾ ਸਥਿਤ ਭਾਰਤੀ ਅੰਬੈਸੀ ਨੇ ਵੀ ਘਟਨਾ ‘ਤੇ ਦੁਖ ਜਤਾਇਆ ਅਤੇ ਐਕਸ (ਪੁਰਾਣਾ ਟਵਿੱਟਰ) ‘ਤੇ ਲਿਖਿਆ, “ਹੈਮਿਲਟਨ ‘ਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਮੌਤ ਬਹੁਤ ਹੀ ਦੁਖਦਾਈ ਹੈ। ਉਹ ਗੋਲੀਬਾਰੀ ਦੌਰਾਨ ਇਕ ਬੇਕਸੂਰ ਨਾਗਰਿਕ ਵਜੋਂ ਆਪਣੀ ਜਾਨ ਗੁਆ ਬੈਠੀ। ਅਸੀਂ ਉਸ ਦੇ ਪਰਿਵਾਰ ਨਾਲ ਸੰਪਰਕ ‘ਚ ਹਾਂ ਅਤੇ ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ।”
ਜਾਂਚ ਜਾਰੀ
ਪੁਲਸ ਵੱਲੋਂ ਵਾਰਦਾਤ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿਲ ਹਿਲਾ ਦੇਣ ਵਾਲੀ ਇਸ ਘਟਨਾ ਨੇ ਕੈਨੇਡਾ ਵਿਚ ਰਹਿ ਰਹੇ ਭਾਰਤੀ ਸਮੁਦਾਇ ਨੂੰ ਗਹਿਰੀ ਚਿੰਤਾ ‘ਚ ਪਾ ਦਿੱਤਾ ਹੈ।