ਧੋਨੀ ਆਉਟ ਜਾਂ ਨਾਟ ਆਉਟ? ਥਰਡ ਅੰਪਾਇਰ ਦੇ ਫ਼ੈਸਲੇ ਨੇ ਖੜ੍ਹੇ ਕੀਤੇ ਸਵਾਲ
ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਸੁਪਰ ਕਿੰਗਜ਼ ਦਰਮਿਆਨ ਹੋਏ ਆਈਪੀਐਲ ਮੈਚ ‘ਚ ਕੋਲਕਾਤਾ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾ ਕੇ ਇਕਤਰਫ਼ਾ ਜਿੱਤ ਦਰਜ ਕੀਤੀ। ਇਹ ਚੇਨਈ ਦੀ ਲਗਾਤਾਰ ਪੰਜਵੀਂ ਹਾਰ ਰਹੀ, ਜਿਸ ਨਾਲ ਟੀਮ ਦੀ ਪਲੇਆਫ਼ ਉਮੀਦਾਂ ਨੂੰ ਝਟਕਾ ਲੱਗਿਆ।
ਇਹ ਮੈਚ ਕਈ ਕਾਰਨਾਂ ਕਰਕੇ ਚਰਚਾ ‘ਚ ਰਿਹਾ, ਪਰ ਸਭ ਤੋਂ ਵਧੀਕ ਧਿਆਨ ਖਿੱਚਣ ਵਾਲਾ – ਮਹਿੰਦਰ ਸਿੰਘ ਧੋਨੀ ਦਾ ਵਿਵਾਦਤ ਆਉਟ, 16ਵੇਂ ਓਵਰ ਦੌਰਾਨ ਸੁਨੀਲ ਨਾਰਾਇਣ ਦੀ ਗੇਂਦ ‘ਤੇ ਐਲਬੀਡਬਲਯੂ ਦੀ ਅਪੀਲ ‘ਤੇ ਫੀਲਡ ਅੰਪਾਇਰ ਨੇ ਧੋਨੀ ਨੂੰ ਆਉਟ ਕਰਾਰ ਦੇ ਦਿੱਤਾ। ਧੋਨੀ ਨੇ ਤੁਰੰਤ ਡੀ.ਆਰ.ਐੱਸ. ਲੈ ਕੇ ਫ਼ੈਸਲੇ ਨੂੰ ਚੁਣੌਤੀ ਦਿੱਤੀ।
ਟੀਵੀ ਰੀਪਲੇਅ ‘ਚ ਸਾਫ਼ ਨਜ਼ਰ ਆਇਆ ਕਿ ਗੇਂਦ ਬੱਲੇ ਦੇ ਬਹੁਤ ਨੇੜੇ ਲੰਘੀ ਅਤੇ ਅਲਟ੍ਰਾਐੱਜ ‘ਤੇ ਸਪਾਈਕ ਵੀ ਨਜ਼ਰ ਆਇਆ। ਬਾਵਜੂਦ ਇਸਦੇ, ਥਰਡ ਅੰਪਾਇਰ ਨੇ ਸਪਾਈਕ ਨੂੰ ਨਜ਼ਰਅੰਦਾਜ਼ ਕਰਕੇ ਧੋਨੀ ਨੂੰ ਆਉਟ ਕਰਾਰ ਦਿੱਤਾ।
ਇਸ ਫ਼ੈਸਲੇ ਨੇ ਨਾ ਸਿਰਫ਼ ਫੈਨਜ਼ ਨੂੰ, ਬਲਕਿ ਕ੍ਰਿਕਟ ਮਾਹਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਥਰਡ ਅੰਪਾਇਰ ਦੀ ਨਿਰਪੱਖਤਾ ਅਤੇ ਡੀ.ਆਰ.ਐੱਸ. ਦੀ ਵਿਸ਼ਵਸਨੀਯਤਾ ‘ਤੇ ਸਵਾਲ ਉਠ ਰਹੇ ਹਨ।
ਲੋਕ ਕਹਿ ਰਹੇ ਹਨ ਕਿ ਜੇ ਧੋਨੀ ਨੂੰ ਨਾਟ ਆਉਟ ਕਰਾਰ ਦਿੱਤਾ ਜਾਂਦਾ, ਤਾਂ ਮੈਚ ਦੀ ਦਿਸ਼ਾ ਵੱਖਰੀ ਹੋ ਸਕਦੀ ਸੀ, ਕਿਉਂਕਿ ਉਹ ਅਕਸਰ ਅਜਿਹੀ ਸਥਿਤੀ ‘ਚ ਟੀਮ ਦੀਆਂ ਉਮੀਦਾਂ ਨੂੰ ਜਿੰਦਾ ਰੱਖਦੇ ਆਏ ਹਨ।
ਇਸ ਵਿਵਾਦਤ ਘਟਨਾ ਨੇ ਇਕ ਵਾਰ ਫਿਰ ਟੈਕਨੋਲੋਜੀ ‘ਤੇ ਨਿਰਭਰ ਕਰ ਰਹੀ ਅੰਪਾਇਰਿੰਗ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਵੱਡੀ ਚਰਚਾ ਖੜੀ ਕਰ ਦਿੱਤੀ ਹੈ।