ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰੇਨੇਡ ਹਮਲੇ ਦੀ ਸੀ.ਸੀ.ਟੀ.ਵੀ. ਵੀਡੀਓ ਆਈ ਸਾਹਮਣੇ, ਈ-ਰਿਕਸ਼ਾ ‘ਤੇ ਆਏ ਹਮਲਾਵਰ
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੋਮਵਾਰ ਰਾਤ ਲਗਭਗ 1 ਵਜੇ ਹਮਲਾ ਕੀਤਾ ਗਿਆ। ਅਣਪਛਾਤੇ ਹਮਲਾਵਰਾਂ ਵੱਲੋਂ ਘਰ ‘ਚ ਧਮਾਕਾਖੇਜ਼ ਸਮੱਗਰੀ ਸੁੱਟੀ ਗਈ, ਜਿਸ ਕਾਰਨ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਨਾਲ ਘਰ ’ਚ ਖੜ੍ਹੀ ਕਾਰ, ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਸੁਚਨਾ ਨਹੀਂ ਮਿਲੀ।
ਸੀ.ਸੀ.ਟੀ.ਵੀ. ਫੁਟੇਜ ‘ਚ ਕੈਦ ਹੋਈ ਹਮਲੇ ਦੀ ਘਟਨਾ
ਹੁਣ ਇਸ ਹਮਲੇ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤਿੰਨ ਨੌਜਵਾਨ ਈ-ਰਿਕਸ਼ਾ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ। ਉਨ੍ਹਾਂ ਵਿਚੋਂ ਇੱਕ ਨੇ ਕਾਲੀਆ ਦੇ ਘਰ ਅੰਦਰ ਹੈਂਡ ਗ੍ਰੇਨੇਡ ਸੁੱਟਿਆ ਅਤੇ ਤੁਰੰਤ ਮੌਕੇ ਤੋਂ ਫਰਾਰ ਹੋ ਗਏ। ਬੰਬ ਸੁੱਟਣ ਦੇ ਤੁਰੰਤ ਬਾਅਦ ਜ਼ੋਰਦਾਰ ਧਮਾਕਾ ਸੁਣਾਈ ਦਿੰਦਾ ਹੈ।
ਮਨੋਰੰਜਨ ਕਾਲੀਆ ਨੇ ਕੀ ਕਿਹਾ
ਮਨੋਰੰਜਨ ਕਾਲੀਆ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਉਹ ਘਰ ਦੇ ਵਿਹੜੇ ਵਿੱਚ ਸੈਰ ਕਰ ਰਹੇ ਸਨ। ਕਮਰੇ ‘ਚ ਜਾ ਕੇ ਕੁਝ ਸਮਾਂ ਹੋਇਆ ਸੀ ਕਿ ਤੀਬਰ ਧਮਾਕੇ ਦੀ ਆਵਾਜ਼ ਆਈ। ਉਨ੍ਹਾਂ ਕਿਹਾ ਕਿ ਇਹ ਧਮਾਕਾ ਇੰਨਾ ਭਿਆਨਕ ਸੀ ਕਿ ਵਿਹੜੇ ਵਿਚ ਲੱਗੇ ਪੱਥਰ ’ਚ ਵੀ ਟੋਇਆ ਪੈ ਗਿਆ। ਕਾਰ, ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਕਾਚੇ ਤਬਾਹ ਹੋ ਗਏ। ਪਰਿਵਾਰ ਦੇ ਮੈਂਬਰ ਅਤੇ ਮੁਲਾਜ਼ਮ ਵੀ ਸਹਿਮ ਗਏ।
ਪੁਲਸ ਅਤੇ ਫੋਰੈਂਸਿਕ ਟੀਮਾਂ ਨੇ ਸ਼ੁਰੂ ਕੀਤੀ ਜਾਂਚ
ਧਮਾਕੇ ਦੀ ਜਾਣਕਾਰੀ ਮਿਲਣ ‘ਤੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ, ਹੋਰ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਰੂਟ ਖੰਗਾਲਿਆ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਸੁਰੱਖਿਆ ਵਧਾਈ ਗਈ
ਘਟਨਾ ਮਗਰੋਂ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਚੋੱਕਸੀ ਬੜੀਤੀ ਗਈ ਹੈ।