ਸੋਨੇ ਦੀ ਤਸਕਰੀ ‘ਚ ਫਸੀ ਮਸ਼ਹੂਰ ਅਦਾਕਾਰਾ, ਵਿਦੇਸ਼ੀ ਮੂਲ ਦਾ 14.2 ਕਿੱਲੋ ਸੋਨਾ ਬਰਾਮਦ
ਕੰਨੜ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਰਾਣਿਆ ਰਾਓ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਬੈਂਗਲੁਰੂ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਕਰਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ, ਉਹ ਪਿਛਲੇ ਸਾਲ 30 ਵਾਰ ਦੁਬਈ ਗਈ ਸੀ ਅਤੇ ਹਰ ਵਾਰ ਉੱਥੋਂ ਕਈ ਕਿੱਲੋ ਸੋਨਾ ਲਿਆਉਂਦੀ ਸੀ। ਉਹ ਸੋਨੇ ਨੂੰ ਆਪਣੇ ਸਰੀਰ, ਪੱਟਾਂ, ਲੱਕ ‘ਤੇ ਟੇਪ ਨਾਲ ਲਪੇਟ ਕੇ ਅਤੇ ਖ਼ਾਸ ਤਿਆਰ ਜੈਕਟਾਂ ਦੀ ਮਦਦ ਨਾਲ ਤਸਕਰੀ ਕਰਦੀ ਸੀ।
15 ਦਿਨਾਂ ‘ਚ 4 ਵਾਰ ਦੁਬਈ ਗਈ, ਸੁਰੱਖਿਆ ਅਧਿਕਾਰੀ ਵੀ ਸ਼ਾਮਲ
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਰਾਣਿਆ ਰਾਓ ਨੇ 15 ਦਿਨਾਂ ‘ਚ 4 ਵਾਰ ਦੁਬਈ ਦੀ ਯਾਤਰਾ ਕੀਤੀ, ਜਦਕਿ ਉੱਥੇ ਉਸਦਾ ਕੋਈ ਵਿਅਪਾਰ ਜਾਂ ਰਿਸ਼ਤੇਦਾਰ ਨਹੀਂ ਸੀ। ਇਸ ਮਾਮਲੇ ਵਿੱਚ ਬੈਂਗਲੁਰੂ ਏਅਰਪੋਰਟ ‘ਤੇ ਤਾਇਨਾਤ ਪੁਲਸ ਕਾਂਸਟੇਬਲ ਬਸਵਰਾਜ ਦੀ ਭੂਮਿਕਾ ਸ਼ੱਕ ਦੇ ਘੇਰੇ ‘ਚ ਆਈ ਹੈ। ਅਧਿਕਾਰੀਆਂ ਮੁਤਾਬਕ, ਕਾਂਸਟੇਬਲ ਨੇ ਰਾਣਿਆ ਦੀ ਮਦਦ ਕਰਦਿਆਂ DRI ਟੀਮ ਨੂੰ ਜਾਂਚ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਅਧਿਕਾਰੀ ਪਹਿਲਾਂ ਹੀ ਉਸ ‘ਤੇ ਨਜ਼ਰ ਰੱਖ ਰਹੇ ਸਨ।
14.2 ਕਿੱਲੋ ਸੋਨਾ ਅਤੇ 2.67 ਕਰੋੜ ਦੀ ਨਕਦੀ ਬਰਾਮਦ
DRI ਟੀਮ ਨੇ ਜੈਕਟ ‘ਚ ਛੁਪਾਇਆ 14.2 ਕਿੱਲੋ ਵਿਦੇਸ਼ੀ ਮੂਲ ਦਾ ਸੋਨਾ ਬਰਾਮਦ ਕੀਤਾ, ਜਿਸ ਦੀ ਬਾਜ਼ਾਰੀ ਕੀਮਤ 12.56 ਕਰੋੜ ਰੁਪਏ ਬਣਦੀ ਹੈ। ਗ੍ਰਿਫਤਾਰੀ ਤੋਂ ਬਾਅਦ ਉਸ ਦੇ ਘਰ ‘ਤੇ ਛਾਪੇਮਾਰੀ ਦੌਰਾਨ 2.67 ਕਰੋੜ ਰੁਪਏ ਦੀ ਨਕਦੀ ਅਤੇ 2.06 ਕਰੋੜ ਰੁਪਏ ਦਾ ਹੋਰ ਸੋਨਾ ਵੀ ਬਰਾਮਦ ਹੋਇਆ। ਜਾਂਚ ਏਜੰਸੀਆਂ ਹੁਣ ਇਹ ਖੰਗਾਲ ਰਹੀਆਂ ਹਨ ਕਿ ਇਹ ਵਿਅਕਤੀਗਤ ਮਾਮਲਾ ਹੈ ਜਾਂ ਵੱਡੇ ਤਸਕਰੀ ਗੈਂਗ ਨਾਲ ਜੁੜਿਆ ਹੋਇਆ ਹੈ।
IPS ਅਧਿਕਾਰੀ ਦੀ ਧੀ ਹੈ ਰਾਣਿਆ, ਪੁੱਛਗਿੱਛ ਜਾਰੀ
ਰਾਣਿਆ ਰਾਓ, ਕਰਨਾਟਕ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ IPS ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਪੁਲਸ ਅਧਿਕਾਰੀ ਹੁਣ ਸਿਆਸਤਦਾਨਾਂ, ਵਿਅਪਾਰੀਆਂ ਅਤੇ ਹੋਰ ਪੁਲਸ ਅਧਿਕਾਰੀਆਂ ਨਾਲ ਇਸਦੇ ਸੰਭਾਵਿਤ ਸੰਬੰਧਾਂ ਦੀ ਜਾਂਚ ਕਰ ਰਹੇ ਹਨ। ਰਾਣਿਆ ਨੇ ਦਾਅਵਾ ਕੀਤਾ ਕਿ ਉਸ ਨੂੰ ਤਸਕਰੀ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ, ਪਰ ਜਾਂਚ ਏਜੰਸੀਆਂ ਉਸਦੇ ਸਾਰੇ ਸੰਬੰਧ ਅਤੇ ਵਿੱਤ ਸਰੋਤ ਦੀ ਪੜਤਾਲ ਕਰ ਰਹੀਆਂ ਹਨ।