ਪੰਜਾਬ ਦੇ ਹਾਈਵੇਅ ‘ਤੇ ਸਖ਼ਤ ਨਾਕਾਬੰਦੀ, ਪੁਲਸ ਨੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਉਤਾਰਿਆ ਬੁਲਡੋਜ਼ਰ ਐਕਸ਼ਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵਿਰੁੱਧ ਲਗਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਅਸਫਲ ਕਰਨ ਲਈ ਅੱਜ ਸਵੇਰ ਤੋਂ ਹੀ ਪੁਲਸ ਵੱਲੋਂ ਪੰਜਾਬ ਦੇ ਮੁੱਖ ਹਾਈਵੇਅਜ਼ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਸਮੇਤ ਕਈ ਮੁੱਖ ਸੜਕਾਂ ‘ਤੇ ਭਾਰੀ ਪੁਲਸ ਫੋਰਸ ਤਾਇਨਾਤ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।
ਸੜਕਾਂ ਬਣੀਆਂ ਪੁਲਸ ਛਾਉਣੀਆਂ
ਪੁਲਸ ਨੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਲਈ ਸੁਨਾਮ ਨੂੰ ਜਾਣ ਵਾਲੀ ਮੁੱਖ ਸੜਕ ‘ਤੇ ਪਿੰਡ ਘਰਾਚੋਂ ਵਿਖੇ ਹਾਈਟੈਕ ਨਾਕਾਬੰਦੀ ਕੀਤੀ। ਇਸੇ ਤਰ੍ਹਾਂ, ਬਠਿੰਡਾ-ਜ਼ੀਰਕਪੁਰ ਹਾਈਵੇਅ ‘ਤੇ ਫੱਗੂਵਾਲਾ ਕੈਂਚੀਆਂ, ਨਾਭਾ ਕੈਂਚੀਆਂ, ਰਾਧਾ ਸੁਆਮੀ ਸਤਿਸੰਗ ਘਰ ਨੇੜੇ, ਅਤੇ ਪਿੰਡ ਨਦਾਮਪੁਰ ਵਿਖੇ ਵੀ ਵਿਸ਼ੇਸ਼ ਨਾਕਾਬੰਦੀ ਹੋਈ।
250 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ
ਪਿੰਡ ਘਰਾਚੋਂ ‘ਚ ਪੁਲਸ ਨੇ ਹਾਈਵੇਅ ‘ਤੇ ਵੱਡੇ ਟਰੱਕ-ਟਰਾਲੇ ਖੜ੍ਹੇ ਕਰਕੇ ਅਤੇ ਬੈਰੀਕੇਡ ਲਗਾ ਕੇ ਨਾਕਾ ਲਗਾਇਆ। ਇੱਥੇ ਕਮਾਂਡੈਂਟ ਪਰਮਿੰਦਰ ਸਿੰਘ ਭੰਡਾਲ, ਐਸ.ਪੀ. ਮਨਦੀਪ ਸਿੰਘ ਧੂਰੀ, ਐਸ.ਪੀ. ਗੁਰਵਿੰਦਰ ਸਿੰਘ, ਡੀ.ਐਸ.ਪੀ. ਦੀਪਇੰਦਰ ਸਿੰਘ ਦੀ ਅਗਵਾਈ ‘ਚ 250 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਰਹੇ।
ਹਰ ਵਾਹਨ ਦੀ ਤਲਾਸ਼ੀ, ਕਿਸਾਨ ਹਿਰਾਸਤ ‘ਚ
ਨਾ ਸਿਰਫ਼ ਕਿਸਾਨਾਂ ਦੀ ਜਾਂਚ ਕੀਤੀ ਗਈ, ਬਲਕਿ ਪ੍ਰਾਈਵੇਟ ਕਾਰਾਂ ਅਤੇ ਸਰਕਾਰੀ ਬੱਸਾਂ ਦੀ ਵੀ ਤਲਾਸ਼ੀ ਲਏ ਗਈ ਤਾਂ ਜੋ ਕੋਈ ਵੀ ਕਿਸਾਨ ਚੰਡੀਗੜ੍ਹ ਨਾ ਪਹੁੰਚ ਸਕੇ। ਪੁਲਸ ਵੱਲੋਂ ਕਿਸਾਨਾਂ ਨੂੰ ਹਿਰਾਸਤ ‘ਚ ਲੈਣ ਲਈ ਪੀ.ਆਰ.ਟੀ.ਸੀ. ਦੀਆਂ ਬੱਸਾਂ ਅਤੇ ਹੋਰ ਸਾਧਨਾਂ ਦੀ ਵੀ ਵਿਵਸਥਾ ਕੀਤੀ ਗਈ।
ਟਰੱਕ ਚਾਲਕਾਂ ਨੇ ਪੁਲਸ ‘ਤੇ ਜਤਾਇਆ ਰੋਸ
ਨਾਕਾਬੰਦੀ ਦੌਰਾਨ ਟਰੱਕ-ਟਰਾਲਿਆਂ ਦੇ ਡਰਾਈਵਰਾਂ ਨੇ ਪੁਲਸ ਕਾਰਵਾਈ ‘ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਕੰਮ ‘ਚ ਦੇਰੀ ਕਾਰਨ ਆਰਥਿਕ ਨੁਕਸਾਨ ਝੱਲ ਰਹੇ ਹਨ।
9 ਕਿਸਾਨ ਹਿਰਾਸਤ ‘ਚ, ਐਸ.ਡੀ.ਐੱਮ. ਕੋਲ ਹੋਣਗੇ ਪੇਸ਼
ਬੀਤੀ ਰਾਤ ਪੁਲਸ ਨੇ ਪਟਿਆਲਾ ਰੋਡ ‘ਤੇ ਇੱਕ ਟਰੈਕਟਰ-ਟਰਾਲੀ ਨੂੰ ਰੋਕ ਕੇ 9 ਕਿਸਾਨਾਂ ਨੂੰ ਹਿਰਾਸਤ ‘ਚ ਲਿਆ, ਜੋ ਕਿ ਚੰਡੀਗੜ੍ਹ ਜਾ ਰਹੇ ਸਨ। ਥਾਣਾ ਮੁਖੀ ਸਬ-ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਹਿਰਾਸਤ ‘ਚ ਲਏ ਗਏ ਕਿਸਾਨਾਂ ਨੂੰ ਐਸ.ਡੀ.ਐੱਮ. ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੁਲਸ ਦੀ ਨਿਗਰਾਨੀ ਹਾਲੇ ਵੀ ਜਾਰੀ
ਕਿਸਾਨਾਂ ਨੂੰ ਰੋਕਣ ਲਈ ਹਾਈਵੇਅ ‘ਤੇ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਸ ਅਤੇ ਪ੍ਰਸ਼ਾਸਨ ਕਿਸਾਨ ਮੋਰਚੇ ਨੂੰ ਚੰਡੀਗੜ੍ਹ ਪਹੁੰਚਣ ਤੋਂ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ।