ਪੰਜਾਬ ‘ਚ ਫਿਰ ਵੱਧ ਸਕਦੀ ਹੈ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਾਸੀਆਂ ਨੂੰ ਠੰਡ ਤੋਂ ਕੁਝ ਹੱਦ ਤੱਕ ਰਾਹਤ ਮਿਲੀ ਸੀ, ਪਰ ਹੁਣ ਮੌਸਮ ਨੇ ਇੱਕ ਵਾਰ ਫਿਰ ਬਦਲਣ ਦੀ ਤਿਆਰੀ ਕਰ ਲਈ ਹੈ। ਮੌਸਮ ਵਿਭਾਗ ਨੇ ਸੀਤ ਲਹਿਰ ਦਾ ਅਲਰਟ ਜਾਰੀ ਕਰਦਿਆਂ ਆਗਾਹ ਕੀਤਾ ਹੈ ਕਿ ਆਉਣ ਵਾਲੇ ਦੋ ਦਿਨਾਂ ਵਿਚ ਤਾਪਮਾਨ ਵਿਚ ਹਲਕੀ ਗਿਰਾਵਟ ਹੋ ਸਕਦੀ ਹੈ, ਜਿਸ ਨਾਲ ਠੰਡ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ।
ਜ਼ਿਲ੍ਹਾ-ਵਾਰ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਕ ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ‘ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਅੱਜ ਤੋਂ ਕੱਲ੍ਹ ਤੱਕ ਲਾਗੂ ਰਹੇਗਾ। ਹਾਲਾਂਕਿ ਇਸ ਤੋਂ ਬਾਅਦ ਹਫ਼ਤੇ ਦੇ ਬਾਕੀ ਦਿਨਾਂ ਵਿਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।
ਫਿਰੋਜ਼ਪੁਰ ਰਿਹਾ ਸਭ ਤੋਂ ਠੰਡਾ ਸ਼ਹਿਰ
ਪਿਛਲੇ 24 ਘੰਟਿਆਂ ਵਿਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਅੱਜ ਸਵੇਰੇ ਫਿਰੋਜ਼ਪੁਰ ਦਾ ਘੱਟ ਤੋਂ ਘੱਟ ਤਾਪਮਾਨ 2.8 ਡਿਗਰੀ ਸੀ, ਜੋ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ‘ਚ ਵੀ ਹਲਕੀ ਠੰਡ ਦੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
29 ਜਨਵਰੀ ਤੋਂ ਸਰਗਰਮ ਹੋਵੇਗਾ ਪੱਛਮੀ ਪ੍ਰਭਾਅ
ਮੌਸਮ ਵਿਭਾਗ ਅਨੁਸਾਰ, 29 ਜਨਵਰੀ ਤੋਂ ਪੱਛਮੀ ਪ੍ਰਭਾਅ ਸਰਗਰਮ ਹੋਣ ਜਾ ਰਿਹਾ ਹੈ। ਇਸ ਪ੍ਰਭਾਅ ਦਾ ਪ੍ਰਭਾਵ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਜ਼ਿਆਦਾ ਹੋਵੇਗਾ, ਜਿੱਥੇ ਹਲਕੀ ਬਾਰਿਸ਼ ਅਤੇ ਬਰਫਬਾਰੀ ਦੇ ਆਸਾਰ ਹਨ। ਪਹਾੜੀ ਇਲਾਕਿਆਂ ਵਿਚ ਹੋਣ ਵਾਲੀ ਬਰਫਬਾਰੀ ਕਾਰਨ ਹਵਾਵਾਂ ਮੈਦਾਨੀ ਇਲਾਕਿਆਂ ਦੀ ਠੰਡ ਵਧਾ ਸਕਦੀਆਂ ਹਨ। ਇਹ ਹਵਾਵਾਂ ਪੰਜਾਬ ਦੇ ਤਾਪਮਾਨ ਨੂੰ ਵੀ ਪ੍ਰਭਾਵਿਤ ਕਰਨਗੀਆਂ।
ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਠੰਡ ਤੋਂ ਬਚਾਅ ਲਈ ਲੋੜੀਂਦੇ ਕਦਮ ਚੁੱਕਣ।