ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਵਿੱਚ ਇੱਕ ਹੋਰ ਮੀਲਪੱਥਰ ਸਥਾਪਤ ਕੀਤਾ ਹੈ
ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪੁਲਿਸਿੰਗ ਵਿੱਚ ਇੱਕ ਹੋਰ ਮੀਲਪੱਥਰ ਸਥਾਪਤ ਕਰਦੇ ਹੋਏ ਇੱਕ ਲਾਪਤਾ ਨਾਬਾਲਗ ਲੜਕੀ ਨੂੰ ਤੇਜ਼ੀ ਨਾਲ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਵਿੱਚੋਂ ਇੱਕ 11 ਸਾਲਾ ਲੜਕੀ ਲਾਪਤਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਫਆਈਆਰ ਨੰਬਰ 153 ਅਧੀਨ 137(2)ਬੀਐਨਐਸ, ਥਾਣਾ ਡਵੀਜ਼ਨ ਨੰ.7, ਜਲੰਧਰ ਦਰਜ ਕਰ ਲਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਬੱਚੇ ਦਾ ਪਤਾ ਲਗਾਉਣ ਲਈ ਸਮਰਪਿਤ ਪੁਲੀਸ ਅਤੇ ਤਕਨੀਕੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਮਨੁੱਖੀ ਸੂਝਬੂਝ ਅਤੇ ਵਿਗਿਆਨਕ ਤਕਨੀਕ ਦੀ ਮਦਦ ਨਾਲ ਅਰਬਨ ਅਸਟੇਟ ਖੇਤਰ ਦੇ ਇੱਕ ਪਾਰਕ ਵਿੱਚ ਲੜਕੀ ਦਾ ਪਤਾ ਲਗਾਉਣ ਵਿੱਚ ਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਜਲਦੀ ਹੀ ਉਸਦੇ ਮਾਪਿਆਂ ਨਾਲ ਮਿਲਾਇਆ। ਸ੍ਰੀ ਸਵਪਨ ਸ਼ਰਮਾ ਨੇ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਪਰਾਧ ਨੂੰ ਨੱਥ ਪਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।