Lawrence Bishnoi ਨੂੰ ਪੱਪੂ ਯਾਦਵ ਦੀ ਖੁੱਲ੍ਹੀ ਚੁਣੌਤੀ ’24 ਘੰਟਿਆਂ ‘ਚ ਇਸ ਦੋ ਟਕਾ ਗੈਂਗਸਟਰ ਦੇ ਨੈੱਟਵਰਕ ਨੂੰ ਖਤਮ ਕਰ ਦਿਆਂਗਾ…’
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹੇ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਸ਼ਿੰਦੇ ਸਰਕਾਰ ‘ਤੇ ਦੋਸ਼ ਲਗਾ ਰਹੀਆਂ ਹਨ ਕਿ ਜੇਕਰ ਇੰਨੇ ਵੱਡੇ ਨੇਤਾ ਦਾ ਕਤਲ ਹੋ ਸਕਦਾ ਹੈ ਤਾਂ ਸੂਬੇ ‘ਚ ਆਮ ਲੋਕਾਂ ਦੀ ਸੁਰੱਖਿਆ ਕਿੰਨੀ ਕੁ ਯਕੀਨੀ ਹੈ।
ਇਸ ਦੌਰਾਨ ਬਿਹਾਰ ਦੇ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਪੱਪੂ ਯਾਦਵ ਨੇ ਕਿਹਾ ਕਿ ਜੇਕਰ ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਮੈਂ 24 ਘੰਟਿਆਂ ‘ਚ ਲਾਰੇਂਸ ਬਿਸ਼ਨੋਈ ਵਰਗੇ ਦੋ ਟਕਾ ਅਪਰਾਧੀਆਂ ਦੇ ਪੂਰੇ ਨੈੱਟਵਰਕ ਨੂੰ ਖਤਮ ਕਰ ਦੇਵਾਂਗਾ।
ਪੂਰਨੀਆ ਤੋਂ ਸੰਸਦ ਮੈਂਬਰ ਨੇ ਆਪਣੀ ਪੋਸਟ ਵਿੱਚ ਵਿਵਾਦਿਤ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਲਿਖਿਆ, “ਕੀ ਇਹ ਦੇਸ਼ ਹੈ ਜਾਂ ਹਿੱਜੜੇ ਦੀ ਫੌਜ? ਇੱਕ ਅਪਰਾਧੀ ਜੇਲ੍ਹ ਵਿੱਚ ਬੈਠ ਕੇ ਲੋਕਾਂ ਨੂੰ ਚੁਣੌਤੀ ਦੇ ਰਿਹਾ ਹੈ, ਅਤੇ ਹਰ ਕੋਈ ਮੂਕ ਦਰਸ਼ਕ ਬਣਿਆ ਹੋਇਆ ਹੈ।” ਉਸਨੇ ਅੱਗੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਅਤੇ ਕਰਨੀ ਸੈਨਾ ਦੇ ਮੁਖੀਆਂ ਸਮੇਤ ਕਈ ਉੱਚ ਪੱਧਰੀ ਕਤਲੇਆਮ ਕੀਤੇ ਹਨ।
ਪੱਪੂ ਯਾਦਵ ਨੇ ਬਾਬਾ ਸਿੱਦੀਕੀ ਨੂੰ ਬਿਹਾਰ ਦਾ ਪੁੱਤਰ ਦੱਸਦਿਆਂ ਕਿਹਾ ਕਿ ਉਸ ਦਾ ਕਤਲ ”ਮਹਾਜੰਗਲਰਾਜ” ਦਾ ਸ਼ਰਮਨਾਕ ਸਬੂਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਭਾਜਪਾ ਗੱਠਜੋੜ ਸਰਕਾਰ ਆਪਣੇ ਪ੍ਰਭਾਵਸ਼ਾਲੀ ਆਗੂਆਂ ਦੀ ਸੁਰੱਖਿਆ ਨਹੀਂ ਕਰ ਪਾ ਰਹੀ ਤਾਂ ਆਮ ਲੋਕਾਂ ਦੀ ਸੁਰੱਖਿਆ ਦਾ ਕੀ ਬਣੇਗਾ?
ਦੱਸ ਦੇਈਏ ਕਿ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਸ਼ਨੀਵਾਰ ਰਾਤ ਮੁੰਬਈ ਦੇ ਬਾਂਦਰਾ ਇਲਾਕੇ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਨੇ ਲਈ ਹੈ। ਇਸ ਗਿਰੋਹ ਨੇ ਸਲਮਾਨ ਖਾਨ ਅਤੇ ਦਾਊਦ ਗੈਂਗ ਦੇ ਕਰੀਬੀਆਂ ਨੂੰ ਵੀ ਧਮਕੀ ਦਿੱਤੀ ਹੈ ਅਤੇ ਉਨ੍ਹਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਬਾਬਾ ਸਿੱਦੀਕੀ ਦੀ ਰਾਜਨੀਤੀ ਅਤੇ ਬਾਲੀਵੁੱਡ ਦੇ ਕਈ ਵੱਡੇ ਨਾਵਾਂ ਨਾਲ ਨਜ਼ਦੀਕੀ ਸਬੰਧ ਸਨ ਅਤੇ ਉਹ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਐਨਸੀਪੀ ਵਿੱਚ ਸ਼ਾਮਲ ਹੋ ਗਏ ਸਨ।
ਉਸ ਦੇ ਕਤਲ ਤੋਂ ਬਾਅਦ ਮਹਾਰਾਸ਼ਟਰ ਵਿੱਚ ਸਿਆਸੀ ਤਣਾਅ ਵਧ ਗਿਆ ਹੈ ਅਤੇ ਮਾਮਲੇ ਦੀ ਜਾਂਚ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ।