ਬਾਬਰ ਆਜ਼ਮ ਨੇ ਛੱਡੀ ਪਾਕਿਸਤਾਨ ਟੀਮ ਦੀ ਕਪਤਾਨੀ, ਇਸ ਖਿਡਾਰੀ ਨੂੰ ਮਿਲ ਸਕਦੀ ਹੈ ਜ਼ਿੰਮੇਵਾਰੀ
ਬਾਬਰ ਆਜ਼ਮ ਨੇ ਵੀ ਪਾਕਿਸਤਾਨ ਦੀ ਸੀਮਤ ਓਵਰਾਂ ਦੀ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ ਅਤੇ ਉਨ੍ਹਾਂ ਦੀ ਜਗ੍ਹਾ ਮੁਹੰਮਦ ਰਿਜ਼ਵਾਨ ਨੂੰ ਇਹ ਅਹੁਦਾ ਦਿੱਤੇ ਜਾਣ ਦੀ ਸੰਭਾਵਨਾ ਹੈ। ਬਾਬਰ ਨੇ ਬੁੱਧਵਾਰ ਅੱਧੀ ਰਾਤ ਨੂੰ X (ਪਹਿਲਾਂ ਟਵਿੱਟਰ) ‘ਤੇ ਇੱਕ ਬਿਆਨ ਜਾਰੀ ਕਰਕੇ ਘੋਸ਼ਣਾ ਕੀਤੀ ਕਿ ਉਸਨੇ ਪਿਛਲੇ ਮਹੀਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਅਤੇ ਟੀਮ ਪ੍ਰਬੰਧਨ ਨੂੰ ਆਪਣੀ ਇੱਛਾ ਦੀ ਜਾਣਕਾਰੀ ਦਿੱਤੀ ਸੀ।
ਬਾਬਰ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਬੋਰਡ ਅਤੇ ਟੀਮ ਪ੍ਰਬੰਧਨ ਨੂੰ ਅਹੁਦਾ ਛੱਡਣ ਦੇ ਫੈਸਲੇ ਬਾਰੇ ਕਦੋਂ ਸੂਚਿਤ ਕੀਤਾ। ਇਸ 29 ਸਾਲਾ ਬੱਲੇਬਾਜ਼ ਨੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਬੱਲੇਬਾਜ਼ੀ ‘ਤੇ ਧਿਆਨ ਦੇਣਾ ਚਾਹੁੰਦਾ ਹੈ। ਬਾਬਰ ਨੇ ਕਿਹਾ, ‘ਮੈਂ ਅੱਜ ਤੁਹਾਡੇ ਨਾਲ ਕੁਝ ਖਬਰਾਂ ਸਾਂਝੀਆਂ ਕਰ ਰਿਹਾ ਹਾਂ। ਮੈਂ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਪਿਛਲੇ ਮਹੀਨੇ ਇਸ ਬਾਰੇ ਪੀਸੀਬੀ ਅਤੇ ਟੀਮ ਪ੍ਰਬੰਧਨ ਨੂੰ ਸੂਚਿਤ ਕੀਤਾ ਸੀ ਅਤੇ ਇਸ ਨੂੰ ਉਦੋਂ ਤੋਂ ਪ੍ਰਭਾਵੀ ਮੰਨਿਆ ਜਾਵੇਗਾ।
ਉਸ ਨੇ ਕਿਹਾ, ‘ਇਸ ਟੀਮ ਦੀ ਅਗਵਾਈ ਕਰਨਾ ਸਨਮਾਨ ਦੀ ਗੱਲ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਮੈਂ ਅਹੁਦਾ ਛੱਡ ਕੇ ਆਪਣੀ ਮੁੱਖ ਭੂਮਿਕਾ ‘ਤੇ ਧਿਆਨ ਕੇਂਦਰਿਤ ਕਰਾਂ।’ ਪਿਛਲੇ ਸਾਲ ਭਾਰਤ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਬਾਬਰ ਨੇ ਪਾਕਿਸਤਾਨ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਇਸ ਸਾਲ ਮਾਰਚ ਵਿੱਚ ਉਸ ਨੂੰ ਫਿਰ ਤੋਂ ਸੀਮਤ ਓਵਰਾਂ ਦੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ।
ਹਾਲਾਂਕਿ ਇਹ ਸਟਾਰ ਬੱਲੇਬਾਜ਼ ਆਪਣੀ ਕਪਤਾਨੀ ਦੇ ਦੂਜੇ ਕਾਰਜਕਾਲ ‘ਚ ਉਮੀਦ ਅਨੁਸਾਰ ਨਤੀਜੇ ਨਹੀਂ ਦੇ ਸਕਿਆ। ਉਨ੍ਹਾਂ ਦੀ ਅਗਵਾਈ ‘ਚ ਪਾਕਿਸਤਾਨ ਨੇ ਜੂਨ ‘ਚ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ‘ਚ ਕਾਫੀ ਖਰਾਬ ਪ੍ਰਦਰਸ਼ਨ ਕੀਤਾ ਸੀ। ਉਸ ਦੀ ਟੀਮ ਅਮਰੀਕਾ ਅਤੇ ਭਾਰਤ ਤੋਂ ਹਾਰ ਗਈ ਸੀ ਅਤੇ ਇਸ ਤਰ੍ਹਾਂ ਉਹ ਸੁਪਰ ਅੱਠ ਵਿਚ ਜਗ੍ਹਾ ਨਹੀਂ ਬਣਾ ਸਕੀ ਸੀ।
ਬਾਬਰ ਨੇ ਕਿਹਾ, ‘ਕਪਤਾਨੀ ਦਾ ਤਜਰਬਾ ਸ਼ਾਨਦਾਰ ਰਿਹਾ ਪਰ ਇਸ ਨੇ ਵਾਧੂ ਜ਼ਿੰਮੇਵਾਰੀ ਦਿੱਤੀ। ਹੁਣ ਮੈਂ ਬੱਲੇਬਾਜ਼ ਵਜੋਂ ਆਪਣੇ ਪ੍ਰਦਰਸ਼ਨ ਨੂੰ ਪਹਿਲ ਦੇਣਾ ਚਾਹੁੰਦਾ ਹਾਂ। ਮੈਂ ਆਪਣੀ ਬੱਲੇਬਾਜ਼ੀ ਦਾ ਪੂਰਾ ਆਨੰਦ ਲੈਣਾ ਚਾਹੁੰਦਾ ਹਾਂ ਅਤੇ ਆਪਣੇ ਪਰਿਵਾਰ ਨਾਲ ਕਾਫੀ ਸਮਾਂ ਬਿਤਾਉਣਾ ਚਾਹੁੰਦਾ ਹਾਂ ਜਿਸ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਬਾਬਰ ਨੇ 2020 ਵਿੱਚ ਟੈਸਟ ਅਤੇ ਵਨਡੇ ਟੀਮਾਂ ਦੀ ਕਮਾਨ ਸੰਭਾਲੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2019 ‘ਚ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਸੀ।