ਜਲੰਧਰ: ਜਿਊਲਰੀ ਸ਼ੋਅਰੂਮ ਵਿੱਚ ਕੰਮ ਕਰਦੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ, ਜਵਾਈ ‘ਤੇ ਪਰੇਸ਼ਾਨ ਕਰਨ ਦੇ ਦੋਸ਼
ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਜਿਊਲਰੀ ਦੇ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਮਹਿਲਾ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਮਮਤਾ ਵਜੋਂ ਹੋਈ ਹੈ, ਜੋ ਸੈਦਾਂ ਗੇਟ ਦੀ ਰਹਿਣ ਵਾਲੀ ਸੀ। ਮਮਤਾ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ 6 ਸਾਲ ਦੀ ਧੀ ਹੈ। ਮਮਤਾ ਦੇ ਮਾਪਿਆਂ ਨੇ ਆਪਣੇ ਜਵਾਈ ਸੰਦੀਪ ‘ਤੇ ਗੰਭੀਰ ਦੋਸ਼ ਲਗਾਏ ਹਨ।
ਮਮਤਾ ਦੇ ਮਾਪਿਆਂ, ਮਾਂ ਕਿਰਨ ਅਤੇ ਪਿਤਾ ਸੰਜੇ, ਨੇ ਦੋਸ਼ ਲਾਇਆ ਹੈ ਕਿ ਜਵਾਈ ਸੰਦੀਪ ਮਮਤਾ ਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਸੀ। ਮਾਪਿਆਂ ਦਾ ਕਹਿਣਾ ਹੈ ਕਿ ਸੰਦੀਪ ਨਸ਼ੇ ਦਾ ਆਦੀ ਹੈ ਅਤੇ ਕੁਝ ਸਮੇਂ ਤੋਂ ਬੇਰੋਜ਼ਗਾਰ ਸੀ। ਮਮਤਾ ਜਿਊਲਰੀ ਦੇ ਸ਼ੋਅਰੂਮ ‘ਚ ਕੰਮ ਕਰ ਰਹੀ ਸੀ, ਪਰ ਸੰਦੀਪ ਉਸ ਦੀ ਕੁੱਟਮਾਰ ਕਰਦਾ ਸੀ ਅਤੇ ਪੈਸੇ ਵੀ ਖੋਹ ਲੈਂਦਾ ਸੀ। ਇਹਨਾਂ ਹੀ ਕਾਰਨਾਂ ਕਰਕੇ ਮਮਤਾ ਨੇ ਆਖਿਰਕਾਰ ਖ਼ੁਦਕੁਸ਼ੀ ਕਰਨ ਦਾ ਕਦਮ ਚੁੱਕਿਆ।
ਘਟਨਾ ਦੀ ਸੂਚਨਾ ਦੇਰ ਰਾਤ ਕਰੀਬ 12.30 ਵਜੇ ਮਿਲੀ, ਜਦੋਂ ਮਮਤਾ ਦੀ ਸੱਸ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਬਹੂ ਨੇ ਖ਼ੁਦਕੁਸ਼ੀ ਕਰ ਲਈ ਹੈ। ਮਮਤਾ ਦੇ ਮਾਪਿਆਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਸ ਦਾ ਪੋਸਟਮਾਰਟਮ ਸਿਵਲ ਹਸਪਤਾਲ ਵਿੱਚ ਕਰਵਾਇਆ ਜਾਵੇਗਾ। ਮਮਤਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਅਗਲੀ ਕਾਰਵਾਈ ਕਰੇਗੀ।