ਅਮਰੀਕੀ ਅੰਬੈਸੀ ਦੀ ਸ਼ਿਕਾਇਤ ’ਤੇ ਪੰਜਾਬ ਪੁਲਸ ਦੀ ਕਾਰਵਾਈ
ਅਮਰੀਕੀ ਅੰਬੈਸੀ ਵੱਲੋਂ ਪੰਜਾਬ ਦੇ 7 ਟ੍ਰੈਵਲ ਏਜੰਟਾਂ ਅਤੇ ਪ੍ਰਾਈਵੇਟ ਫ਼ਰਮ ਮਾਲਕਾਂ ਵਿਰੁੱਧ ਸ਼ਿਕਾਇਤ ਕੀਤੀ ਜਾਣ ਤੋਂ ਬਾਅਦ, ਪੰਜਾਬ ਪੁਲਸ ਨੇ ਲੁਧਿਆਣਾ ਵਿਚ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਲੁਧਿਆਣਾ ਪੁਲਸ ਨੇ ਮੋਹਾਲੀ ਦੇ ਫੇਜ਼ 7 ਦੇ ਵਸਨੀਕ ਕਮਲਜੋਤ ਕਾਂਸਲ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ IT ਫਰਮ “Infowiz” ਦਾ ਮਾਲਕ ਹੈ। ਇਹ ਗ੍ਰਿਫ਼ਤਾਰੀ 16 ਸਤੰਬਰ ਨੂੰ ਅਮਰੀਕੀ ਅੰਬੈਸੀ ਦੇ ਖੇਤਰੀ ਸੁਰੱਖਿਆ ਦਫ਼ਤਰ ਦੇ ਓਵਰਸੀਜ਼ ਕ੍ਰਿਮੀਨਲ ਇਨਵੈਸਟੀਗੇਟਰ ਏਰਿਕ ਸੀ ਮੋਲੀਟਰਸ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਬਾਅਦ ਕੀਤੀ ਗਈ ਹੈ।
ਇਹ ਕੇਸ ਰਾਹੁਲ ਕੁਮਾਰ ਦੇ ਅਮਰੀਕੀ ਵੀਜ਼ੇ ਲਈ ਕੀਤੀ ਅਰਜ਼ੀ ਨਾਲ ਜੁੜਿਆ ਹੈ, ਜਿਸ ਵਿੱਚ ਉਸ ਨੇ ਕਮਲਜੋਤ ਦੀ ਫਰਮ Infowiz ਵਿਚ ਨੌਕਰੀ ਦਾ ਜਾਅਲੀ ਦਾਅਵਾ ਕੀਤਾ ਸੀ। ਰਾਹੁਲ ਨੇ ਅਮਰੀਕੀ ਅੰਬੈਸੀ ਵਿਚ ਇੰਟਰਵਿਊ ਦੌਰਾਨ ਕਬੂਲ ਕੀਤਾ ਕਿ ਉਸ ਨੇ ਰੈੱਡ ਲੀਫ ਇਮੀਗ੍ਰੇਸ਼ਨ ਤੋਂ 2 ਲੱਖ ਰੁਪਏ ਦੇ ਬਦਲੇ ਜਾਅਲੀ ਸਿੱਖਿਆ ਅਤੇ ਨੌਕਰੀ ਦੇ ਦਸਤਾਵੇਜ਼ ਪ੍ਰਾਪਤ ਕੀਤੇ ਸਨ।
ਪੁਲਸ ਨੇ ਕਮਲਜੋਤ ਤੋਂ ਪੁੱਛਗਿੱਛ ਕੀਤੀ, ਜਿਸ ਵਿੱਚ ਉਸ ਨੇ ਮੰਨਿਆ ਕਿ ਉਸ ਨੇ ਰੈੱਡ ਲੀਫ ਇਮੀਗ੍ਰੇਸ਼ਨ ਨਾਲ ਮਿਲ ਕੇ ਨੌਕਰੀ ਦੇ ਜਾਅਲੀ ਸਰਟੀਫਿਕੇਟ ਜਾਰੀ ਕੀਤੇ ਸਨ। ਇਸ ਮਾਮਲੇ ਵਿੱਚ ਹੋਰ 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਇਸ ਮਾਮਲੇ ਵਿੱਚ ਜ਼ੀਰਕਪੁਰ ਦੇ ਅਮਨਦੀਪ ਸਿੰਘ, ਪੂਨਮ ਰਾਣੀ, ਲੁਧਿਆਣਾ ਦੇ ਅੰਕੁਰ ਕੇਹਰ, ਮੋਹਾਲੀ ਦੇ ਅਕਸ਼ੈ ਸ਼ਰਮਾ, ਕਮਲਜੋਤ ਕਾਂਸਲ, ਰੋਹਿਤ ਭੱਲਾ ਅਤੇ ਬਰਨਾਲਾ ਦੇ ਕੀਰਤੀ ਸੂਦ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।