ਜਲੰਧਰ ‘ਚ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ
ਪੰਜਾਬ ਸਰਕਾਰ ਦੀ ਇੱਕ ਸੰਸਥਾ ਪੰਜਾਬ ਮਿਊਂਸੀਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਨੇ ਸੋਢਲ ਮੇਲੇ ਸਬੰਧੀ ਜਲੰਧਰ ਨਿਗਮ ਦੇ ਕਮਿਸ਼ਨਰ ਅਤੇ ਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਕੁਝ ਹਦਾਇਤਾਂ ਭੇਜੀਆਂ ਹਨ, ਜਿਸ ਤੋਂ ਬਾਅਦ ਜਲੰਧਰ ਨਿਗਮ ਨੇ 17 ਸਤੰਬਰ ਨੂੰ ਹੋਣ ਜਾ ਰਹੇ ਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ।
ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਨਿਗਮ ਦੇ ਸਿਹਤ ਅਧਿਕਾਰੀ ਡਾ: ਕ੍ਰਿਸ਼ਨ ਨੇ ਆਪਣੀ ਟੀਮ ਸਮੇਤ ਮੇਲਾ ਖੇਤਰ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ | ਵੱਖ-ਵੱਖ ਦੁਕਾਨਾਂ ਦਾ ਦੌਰਾ ਕਰਕੇ ਉਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਦੇਖਿਆ, ਜਿਸ ਦੌਰਾਨ ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਇਕ-ਦੋ ਦੁਕਾਨਦਾਰਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਕਰ ਰਹੇ ਹਨ। ਹੁਣ ਨਿਗਮ ਦੀ ਟੀਮ ਨੇ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬਿਲਕੁਲ ਨਾ ਕਰਨ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਜਲੰਧਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਵੀ ਇਸ ਵਿਸ਼ੇ ‘ਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ |