ਦਿੱਲੀ ਹਵਾਈ ਅੱਡੇ ਤੋਂ 35 ਉਡਾਣਾਂ ਰੱਦ, ਵਿਦੇਸ਼ੀ ਏਅਰਲਾਈਨਾਂ ਵੀ ਪ੍ਰਭਾਵਿਤ
ਹਿਲਗਾਮ ਅੱਤਵਾਦੀ ਹਮਲੇ ਦੇ ਬਦਲੇ ਵਜੋਂ ਭਾਰਤੀ ਹਥਿਆਰਬੰਦ ਬਲਾਂ ਵੱਲੋਂ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਅਤੇ PoK ਵਿੱਚ ਅੱਤਵਾਦੀ ਠਿਕਾਣਿਆਂ ‘ਤੇ ਕੀਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ, ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡੇ, ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਲਚਲ ਦੀ ਸਥਿਤੀ ਬਣ ਗਈ ਹੈ।
ਸਰੋਤਾਂ ਅਨੁਸਾਰ, ਮੰਗਲਵਾਰ ਦੀ ਰਾਤ ਦੇਰ ਭਾਰਤ ਵੱਲੋਂ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਬਾਅਦ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ। ਇਸ ਕਾਰਨ, ਦਿੱਲੀ ਏਅਰਪੋਰਟ ਤੋਂ ਆਉਣ-ਜਾਣ ਵਾਲੀਆਂ ਘੱਟੋ-ਘੱਟ 35 ਉਡਾਣਾਂ ਨੂੰ ਰੱਦ ਕਰਨਾ ਪਿਆ।
ਇਨ੍ਹਾਂ ਵਿੱਚ 23 ਘਰੇਲੂ ਰਵਾਨਗੀ ਉਡਾਣਾਂ, 8 ਆਗਮਨ ਉਡਾਣਾਂ ਅਤੇ 4 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ। ਵਿਦੇਸ਼ੀ ਏਅਰਲਾਈਨਾਂ, ਜਿਵੇਂ ਕਿ ਅਮਰੀਕਨ ਏਅਰਲਾਈਨਜ਼ ਨੇ ਵੀ ਆਪਣੀਆਂ ਕੁਝ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ।
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਨੇ ਆਪਣੇ ‘X’ (ਪਹਿਲਾਂ Twitter) ਹੈਂਡਲ ਰਾਹੀਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਬਦਲਦੇ ਹਵਾਈ ਖੇਤਰ ਦੇ ਹਾਲਾਤਾਂ ਕਾਰਨ, ਦਿੱਲੀ ਹਵਾਈ ਅੱਡੇ ‘ਤੇ ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਯਾਤਰੀ ਆਪਣੀਆਂ ਉਡਾਣਾਂ ਬਾਰੇ ਹੋਰ ਜਾਣਕਾਰੀ ਲਈ ਸੰਬੰਧਤ ਏਅਰਲਾਈਨ ਨਾਲ ਸੰਪਰਕ ਕਰਣ।”