ਕੈਨੇਡਾ ਦੀਆਂ ਬ੍ਰਿਟਿਸ਼ ਕੋਲੰਬੀਆ ਚੋਣਾਂ ‘ਚ 27 ਪੰਜਾਬੀ ਮੈਦਾਨ ਵਿੱਚ
ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਲਈ ਇਸ ਵਾਰ 27 ਪੰਜਾਬੀ ਮੂਲ ਦੇ ਉਮੀਦਵਾਰ ਆਪਣੇ ਕਿਸਮਤ ਅਜ਼ਮਾ ਰਹੇ ਹਨ। ਸੂਬੇ ਦੇ ਸਾਰੇ 93 ਹਲਕਿਆਂ ਵਿੱਚ 19 ਅਕਤੂਬਰ 2024 ਨੂੰ ਚੋਣਾਂ ਹੋਣਗੀਆਂ। ਦੋਵਾਂ ਮੁੱਖ ਸਿਆਸੀ ਧਿਰਾਂ – ਨੈਸ਼ਨਲ ਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ) ਅਤੇ ਕੰਜ਼ਰਵੇਟਿਵ ਪਾਰਟੀ ਨੇ ਬਹੁਤ ਸਾਰਿਆਂ ਸਾਊਥ ਏਸ਼ੀਅਨ ਅਤੇ ਪੰਜਾਬੀ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਇਸ ਨਾਲ ਉਹਨਾਂ ਦੀ ਕਮਿਊਨਿਟੀ ਨੂੰ ਸੂਬੇ ਦੀ ਸਿਆਸਤ ਵਿੱਚ ਵੱਡੀ ਨੁਮਾਇੰਦਗੀ ਮਿਲੀ ਹੈ।
ਐਨ.ਡੀ.ਪੀ ਨੇ ਮੁੱਖ ਉਮੀਦਵਾਰਾਂ ਵਿੱਚ ਮੌਜੂਦਾ ਹਾਊਸਿੰਗ ਮੰਤਰੀ ਰਵੀ ਕਾਹਲੋਂ (ਡੈਲਟਾ), ਸਿੱਖਿਆ ਮੰਤਰੀ ਰਚਨਾ ਸਿੰਘ (ਸਰੀ ਨਾਰਥ), ਸਪੀਕਰ ਰਾਜ ਚੌਹਾਨ (ਰਿਕਾਰਡ ਛੇਵੀਂ ਵਾਰ), ਅਤੇ ਵਪਾਰ ਮੰਤਰੀ ਜਗਰੂਪ ਬਰਾੜ (ਸਰੀ ਫਲੀਟਵੁੱਡ) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਹੋਰ ਪੰਜਾਬੀ ਮੁੱਖ ਉਮੀਦਵਾਰਾਂ ਵਿੱਚ ਕਮਲ ਗਰੇਵਾਲ (ਕੈਮਲੂਪਸ ਸੈਂਟਰ), ਹਰਵਿੰਦਰ ਸੰਧੂ (ਵਰਨੌਨ), ਬਲਤੇਜ ਢਿੱਲੋਂ (ਸਰੀ ਸਰਪੈਂਟਾਈਨ), ਅਮਨ ਸਿੰਘ (ਰਿਚਮੰਡ), ਐਨੀ ਕੰਗ (ਬਰਨਬੀ), ਅਤੇ ਨਿੱਕੀ ਸ਼ਰਮਾ (ਵੈਨਕੂਵਰ) ਸ਼ਾਮਲ ਹਨ।
ਕੰਜ਼ਰਵੇਟਿਵ ਪਾਰਟੀ ਵੱਲੋਂ ਹਰਮਨ ਭੰਗੂ, ਅਵਤਾਰ ਗਿੱਲ, ਤੇਗਜੋਤ ਬੱਲ ਅਤੇ ਜਗਦੀਪ ਸੰਘੇਰਾ ਸਮੇਤ ਕਈ ਹੋਰ ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ ਗਰੀਨ ਪਾਰਟੀ ਤੋਂ ਮਨਜੀਤ ਸਹੋਤਾ (ਸਰੀ ਗਿਲਡਫੋਰਡ) ਚੋਣ ਲੜ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ 2020 ਦੀਆਂ ਚੋਣਾਂ ਵਿੱਚ ਜੇਤੂ ਰਹੇ ਸੱਤ ਪੰਜਾਬੀ ਇਸ ਵਾਰ ਵੀ ਮੁੜ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ, ਜਦਕਿ ਸੀਨੀਅਰ ਆਗੂ ਹੈਰੀ ਬੈਂਸ ਨੇ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ।