ਨਕਲੀ ਸ਼ਰਾਬ ਕਾਰਨ 14 ਦੀ ਮੌਤ, 6 ਗ੍ਰਿਫ਼ਤਾਰ-ਪੰਜਾਬ ਸਰਕਾਰ ਦੀ ਤੁਰੰਤ ਕਾਰਵਾਈ
ਅੰਮ੍ਰਿਤਸਰ ਦੇ ਮਜੀਠਾ ਖੇਤਰ ਵਿੱਚ ਨਕਲੀ ਸ਼ਰਾਬ ਪੀਣ ਕਾਰਨ 14 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਤਿੰਨ ਪਿੰਡਾਂ — ਭੰਗਾਲੀ, ਮਰੜੀ ਕਲਾਂ ਅਤੇ ਥਰੀਏਵਾਲ — ਨਾਲ ਸਬੰਧਤ ਹਨ, ਜਿੱਥੇ ਅਕਸਰ ਨੌਜਵਾਨ ਨਕਲੀ ਸ਼ਰਾਬ ਦਾ ਨਿਸ਼ਾਨਾ ਬਣੇ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਤੁਰੰਤ ਵੱਡੀ ਕਾਰਵਾਈ ਕੀਤੀ ਗਈ।
ਜਾਣਕਾਰੀ ਅਨੁਸਾਰ, ਨਕਲੀ ਸ਼ਰਾਬ ਰੈਕੇਟ ਚਲਾਉਣ ਵਾਲੇ ਗਿਰੋਹ ਦੇ 6 ਮੁੱਖ ਸਦੱਸੀਆਂ ਨੂੰ ਸਿਰਫ਼ 7 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਪ੍ਰਭਜੀਤ ਸਿੰਘ, ਕੁਲਬੀਰ ਸਿੰਘ ਉਰਫ਼ ਜੱਗੂ, ਸਾਹਿਬ ਸਿੰਘ (ਮਰੜੀ ਕਲਾਂ), ਗੁਰਜੰਟ ਸਿੰਘ ਅਤੇ ਨਿੰਦਰ ਕੌਰ (ਥਰੀਏਵਾਲ) ਸ਼ਾਮਲ ਹਨ। ਇਸ ਗੈਰਕਾਨੂੰਨੀ ਧੰਦੇ ਦੇ ਮਾਸਟਰਮਾਈਂਡ ਸਾਹਿਬ ਸਿੰਘ ਅਤੇ ਪ੍ਰਭਜੀਤ ਸਿੰਘ ਦੱਸੇ ਜਾ ਰਹੇ ਹਨ, ਜਦਕਿ ਕੁਲਬੀਰ ਸਿੰਘ, ਪ੍ਰਭਜੀਤ ਦਾ ਭਰਾ ਹੈ।
ਅੰਮ੍ਰਿਤਸਰ ਦਿਹਾਤੀ ਦੇ SSP ਵੱਲੋਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਨਵੀਂ ਭਾਰਤੀ ਦੰਡ ਸੰਹਿਤਾ (BNS) ਦੀ ਧਾਰਾ 105 ਅਤੇ 61ਏ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਪੂਰੇ ਨਕਲੀ ਸ਼ਰਾਬ ਨੈੱਟਵਰਕ ਦੀ ਡੂੰਘੀ ਜਾਂਚ ਜਾਰੀ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ‘ਚ ਤੁਰੰਤ ਅਤੇ ਸਖ਼ਤ ਐਕਸ਼ਨ ਲੈ ਕੇ ਸ਼ਰਾਬ ਮਾਫ਼ੀਆ ਨੂੰ ਸਾਫ਼ ਸੰਦੇਸ਼ ਦਿੱਤਾ ਹੈ ਕਿ ਅਜਿਹੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।